ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਹੋ ਜਿਹਾ ਸ਼ਹਿਰ ਜਿੱਥੇ ਧੁੱਪ ਹੈ ਨਾ ਛਾਂ ਹੈ।
ਚੱਤੇ ਪਹਿਰ ਮੌਸਮਾਂ ਦਾ ਇੱਕੋ ਜਿਹਾ ਨਾਂ ਹੈ।

ਨਵੀਂ ਤਹਿਜ਼ੀਬ ਜਿਸ ਜਿਸ ਨੂੰ ਮਧੋਲਿਆ,
ਉਨ੍ਹਾਂ ਅੰਗ-ਮਾਰਿਆਂ 'ਚ ਮੇਰਾ ਵੀ ਗਿਰਾਂ ਹੈ।

ਗਲੀਆਂ ਮੁਹੱਲਿਆਂ ਨੂੰ ਸੱਪ ਕੇਹਾ ਸੁੰਘਿਆ,
ਰੌਣਕਾਂ ਗੁਆਚ ਗਈਆਂ ਫ਼ੈਲੀ ਚੁੱਪ-ਚਾਂ ਹੈ।

ਜ਼ਿੰਦਗੀ ਉਦਾਸ ਹੈ ਉਦਾਸ ਗੀਤ ਵਾਂਗਰਾਂ,
ਸੁਰਾਂ ਨਾਲ ਜ਼ੋਰ ਅਜ਼ਮਾਈ ਕਰੇ ਕਾਂ ਹੈ।

ਭੁੱਖ ਦੀ ਸਤਾਈ ਪਈ ਗੰਦਗੀ ਫ਼ਰੋਲਦੀ,
ਜਿਹਨੂੰ ਅਸੀਂ ਆਖਦੇ ਹਾਂ ਗਾਂ ਸਾਡੀ ਮਾਂ ਹੈ।

24- ਮਨ ਦੇ ਬੂਹੇ ਬਾਰੀਆਂ