ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਟ ਲਟ ਬਲਦੇ ਮੁਲਕ 'ਚ ਨੱਚਦਾ ਇਹ ਕਿਸਰਾਂ ਦਾ ਮੋਰ।
ਹੱਡੀਆਂ ਦੀ ਮੁੱਠ ਜਿਸਮ ਹੋ ਗਿਆ ਫਿਰ ਵੀ ਬਾਂਕੀ ਤੋਰ।

ਸੌਣ ਛਰਾਟੇ ਵਰ੍ਹਨ ਦੇ ਪਿੱਛੋਂ ਵਗ ਪਈ ਤੇਜ਼ ਹਨੇਰੀ,
ਫ਼ਸਲਾਂ ਦਾ ਲੱਕ ਟੁੱਟਿਆ ਫਿਰ ਵੀ ਸਿਰ ਤੇ ਘਟ ਘਨਘੋਰ।

ਕੁਝ ਮੌਸਮ ਦੀ ਭੇਟ ਚੜ੍ਹ ਗਿਆ ਬਾਕੀ ਜੋ ਵੀ ਬਚਿਆ,
ਦਾਣਾ ਫੱਕਾ ਹੂੰਝ ਕੇ ਲੈ 'ਗੇ ਰਲ ਮੰਡੀਆਂ ਦੇ ਚੋਰ।

ਇਕ ਇਕੱਲੇ ਕਿਰਤੀ ਪੁੱਤ ਨੂੰ ਚੂੰਡਣ ਵਾਲੇ ਕਿੰਨੇ,
ਥਾਂ ਥਾਂ ਦਫ਼ਤਰ ਚੁੰਗੀਆਂ, ਠਾਣੇ, ਹਾਕਮ, ਵੱਢੀ ਖ਼ੋਰ।

ਦੋ ਡੰਗ ਵੀ ਨਹੀਂ ਮਿਲਦੀ ਜਿਸਨੂੰ ਢਿੱਡ ਭਰ ਰੱਜਵੀਂ ਰੋਟੀ,
ਉਹਦੀ ਅੱਖ ਵਿੱਚ ਕਿੱਥੋਂ ਆਵੇ ਜੀਵਨ ਦਾਤਾ ਲੋਰ।

ਅੰਬਰ ਦੇ ਵਿਚ ਤਰਦੀ ਹੋਈ ਕਦੇ ਵੀ ਡੁੱਬ ਸਕਦੀ ਹੈ
ਅਪਣੀ ਗੁੱਡੀ ਦੀ ਨਾ ਜਦ ਤਕ ਆਪ ਸੰਭਾਲੋ ਡੋਰ।

26- ਮਨ ਦੇ ਬੂਹੇ ਬਾਰੀਆਂ