ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਦੋਸਤੀ ਦੀ ਮਹਿਕ ਤਾਂ ਸਾਹਾਂ 'ਚ ਭਰ ਗਈ।
ਤੇਰਾ ਹੀ ਮਣਕਾ ਫੇਰਦੇ ਉਮਰਾ ਹੈ ਲੰਘ ਰਹੀ।

ਤੇਰੀ ਉਡੀਕ ਕਰਦਿਆਂ ਖੁਰਿਆ ਮੇਰਾ ਵਜੂਦ,
ਆ ਕੇ ਕਦੇ ਤਾਂ ਪੁੱਛ ਲੈ ਕਿੱਦਾਂ ਗੁਜ਼ਰ ਰਹੀ।

ਜੀਂਦੇ ਹੀ ਰਹਿਣਗੇ ਸਦਾ ਕੁਝ ਪਲ ਉਹ ਮਹਿਕਦੇ,
ਕੀ ਹੋ ਗਿਆ ਜੇ ਦੋਸਤੀ ਰੰਗੋਂ ਬਦਲ ਗਈ।

ਇਹ ਆਮ ਅੱਗ ਤੋਂ ਵਧ ਕੇ ਹੈ ਪਰਚੰਡ ਮੇਰੇ ਯਾਰ,
ਅਗਨੀ ਜੋ ਸਾਡੇ ਜ਼ਿਹਨ ਵਿਚ ਯਾਦਾਂ ਦੀ ਬਲ ਰਹੀ।

ਨਾਤੇ ਦੀ ਭੁੱਖ ਸਹਾਰਨੀ ਔਖੀ ਹੈ ਦੋਸਤਾ,
ਕਿੱਦਾਂ ਕਹਾਂ ਮੈਂ ਯਾਰ ਦੀ ਯਾਰੀ ਬਦਲ ਗਈ।

28- ਮਨ ਦੇ ਬੂਹੇ ਬਾਰੀਆਂ