ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੀਲਾਂ ਦੇ ਵਿਚ ਫ਼ੈਲ ਗਈ ਹੈ ਕਾਲੇ ਰੁੱਖ ਦੀ ਛਾਂ।
ਸਾਰੇ ਚਿਹਰੇ ਭੁੱਲ ਗਏ ਨੇ ਆਪੋ ਅਪਣੇ ਨਾਂ।

ਮਾਨ ਸਰੋਵਰ ਖ਼ਾਲਮ ਖ਼ਾਲੀ ਲਾ 'ਗੇ ਹੰਸ ਉਡਾਰੀ,
ਉਨ੍ਹਾਂ ਥਾਵੇਂ ਮੋਤੀ ਚੁਗਦੇ ਕਾਲੇ ਚਿੱਟੇ ਕਾਂ।

ਅੰਨ੍ਹੀ ਬੋਲੀ ਰਾਤ 'ਚ ਜਗਦਾ ਦੂਰ ਦੁਰਾਡੇ ਦੀਵਾ,
ਇਹਨੂੰ ਅਪਣੇ ਘਰ ਲੈ ਆਵਾਂ ਚਿਰ ਦਾ ਸੋਚ ਰਿਹਾਂ।

ਇਹ ਜਰਨੈਲੀ ਸੜਕ ਸਲੇਟੀ ਕਬਰਾਂ ਦੇ ਵੱਲ ਜਾਂਦੀ,
ਸਿੱਧੇ ਰਾਹਾਂ ਨੂੰ ਲੱਭਦਾ ਮੈਂ ਕਿੱਥੇ ਪਹੁੰਚ ਗਿਆਂ।

ਆਦਮ ਬੋ ਆਦਮ ਬੋ ਕਰਦੇ ਫਿਰਨ ਸ਼ਿਕਾਰੀ ਏਥੇ,
ਖੇਤਾਂ ਤੇ ਮਲ੍ਹਿਆਂ ਦੀ ਥਾਵੇਂ ਫ਼ੋਲਣ ਸ਼ਹਿਰ ਗਿਰਾਂ।

ਫਿਰ ਕੀ ਹੋਇਆ ਜੇਕਰ ਮੇਰੀ ਰੇਤ ਉਡਾਈ ਪੌਣਾਂ,
ਕੁਝ ਚਿਰ ਪਹਿਲਾਂ ਭਰ ਵਗਦਾ ਦਰਿਆ ਵੀ ਮੈਂ ਹੀ ਸਾਂ।

30- ਮਨ ਦੇ ਬੂਹੇ ਬਾਰੀਆਂ