ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਬੇ-ਮੌਸਮ ਬਰਸਾਤ ਮਧੋਲੀ ਫ਼ਸਲਾਂ ਦੀ ਖ਼ੁਸ਼ਬੋ।
ਸੜਕਾਂ ਉਤੇ ਚਹਿਲ ਪਹਿਲ ਹੈ ਦਰਦ ਨਾ ਜਾਣੇ ਕੋ।

ਦਰਿਆ ਦੇ ਵਿਚ ਪਾਣੀ ਚੜ੍ਹਿਆ ਪਾਰ ਕਿਸ ਤਰ੍ਹਾਂ ਜਾਵਾਂ,
ਕਾਫ਼ੀ ਚਿਰ ਦਾ ਸੋਚ ਰਿਹਾ ਹਾਂ ਉਰਲੇ ਪਾਰ ਖਲੋ।

ਅੱਖਾਂ ਵਿਚ ਪਥਰਾਏ ਹੰਝੂ ਮੌਸਮ ਦੀ ਕਿਰਪਾ ਹੈ,
ਨਾ ਜੀਂਦੇ ਨਾ ਮੋਇਆਂ ਅੰਦਰ ਨਾ ਸਕਦੇ ਹਾਂ ਰੋ।

ਮਿੱਟੀ ਵਿਚ ਗੁਆਚੇ ਸੁਪਨੇ ਖੰਭ ਖੁਹਾ ਲਏ ਰੀਝਾਂ,
ਕਿਹੜਾ ਵੈਦ ਪਛਾਣੇ ਮਰਜ਼ਾਂ ਮਿਲਦੀ ਨਾ ਕਣਸੋ।

ਕਾਲ ਕਲੂਟੀ ਰਾਤ ਹੈ ਸਿਰ ਤੇ ਟੋਏ ਟਿੱਬੇ ਰਾਹ,
ਸਫ਼ਰ ਕਰਦਿਆਂ ਨਾਲ ਜਗਾਉ ਅਪਣੀ ਅਪਣੀ ਲੋਅ।

ਤੜਕਸਾਰ ਇਕ ਅਣਦਿਸ ਚਿਹਰਾ ਕੰਨਾਂ ਵਿਚ ਕਹਿ ਜਾਵੇ,
ਖੋਲ੍ਹ ਦਿਉ ਹੁਣ ਉਮਰਾਂ ਤੋਂ ਨੇ ਬੰਦ ਪਏ ਦਰ ਜੋ।

32- ਮਨ ਦੇ ਬੂਹੇ ਬਾਰੀਆਂ