ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਆਵਾਜ਼ ਮੇਰੀ ਪਰਤ ਕੇ ਆਈ ਨਾ ਮੇਰੇ ਕੋਲ।
ਕਾਹਨੂੰ ਤੂੰ ਐਵੇਂ ਵੇਖਨੈਂ ਭੁੱਬਲ ਨੂੰ ਫ਼ੋਲ ਫ਼ੋਲ।

ਜਸ਼ਨਾਂ 'ਚ ਰੁੱਝੇ ਲੋਕ ਨੇ ਤੇ ਬਲ ਰਿਹਾ ਹਾਂ ਮੈਂ,
ਵਜਦੇ ਨਗਾਰੇ ਤੂਤੀਆਂ ਪਏ ਖੜਕਦੇ ਨੇ ਢੋਲ।

ਪੈਂਡੇ ਦੋਹਾਂ ਦੇ ਘਟਣ ਦੀ ਥਾਂ ਵਧ ਰਹੇ ਨੇ ਹੋਰ,
ਜਿੰਨਾ ਵੀ ਆਪਾਂ ਆ ਰਹੇ ਇਕ ਦੂਸਰੇ ਦੇ ਕੋਲ।

ਤੇਰੀ ਇਹ ਬਲਦੀ ਮੁਸਕਣੀ ਮੇਰੇ ਸਿਵੇ ਦੀ ਲਾਟ,
ਕੰਬਦੀ ਅਵਾਜ਼ ਵਾਂਗਰਾਂ ਕਿੱਦਾਂ ਰਹੀ ਹੈ ਡੋਲ।

ਕਿੰਨਾ ਅਜੀਬ ਹਾਦਿਸਾ ਕਿ ਮਰ ਗਿਆ ਹਾਂ ਮੈਂ
ਦੁਸ਼ਮਣ ਤਾਂ ਖ਼ਾਲੀ ਹੱਥ ਸੀ ਹਥਿਆਰ ਮੇਰੇ ਕੋਲ।

ਮਨ ਦੇ ਬੂਹੇ ਬਾਰੀਆਂ- 35