ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ ਦੇ ਹਵਾਲੇ ਜਿੰਦ ਕੀਤਿਆਂ ਨ ਸਰੇ।
ਕੌਣ ਜਾਂ ਬੇਗਾਨੇ ਗ਼ਮ-ਸਾਗਰਾਂ 'ਚ ਤਰੇ।

ਕਾਹਦਾ ਪਛਤਾਵਾ ਜੜ੍ਹੋਂ ਆਪ ਹੀ ਤਾਂ ਪੁੱਟੇ,
ਭਰਮਾਂ ਦੇ ਰੁੱਖ ਕਦੇ ਹੋਣੇ ਨਹੀਂ ਸੀ ਹਰੇ।

ਰੋਕ ਲੈ ਤੂੰ ਅੱਖਾਂ ਤੋਂ ਪਿਛਾਂਹ ਹੀ ਨਦੀ,
ਰੋੜ੍ਹ ਹੀ ਦੇਵੇ ਨਾ ਮੈਨੂੰ ਹਠ ਤੋਂ ਇਹ ਪਰੇ।

ਠੀਕ ਸੀ ਜੇ ਤੋੜ ਤੀਕ ਨਿਭ ਜਾਂਦੇ ਦੋਵੇਂ,
ਠੀਕ ਹੈ ਜੇ ਦੋਵੇਂ ਹੀ ਨਾ ਜਿੱਤੇ ਨਾ ਹਰੇ।

ਖੋਟ ਦੇ ਜ਼ਮਾਨੇ ਵਿਚ ਹੋਣੀ ਸੀ ਅਖ਼ੀਰ,
ਫਿਰਦੇ ਗੁਆਚੇ ਦੋਵੇਂ ਸਿੱਕੇ ਆਪਾਂ ਖਰੇ।

ਹਵਾ ਹੱਥ ਭੇਜੀਂ ਨਾ ਤੂੰ ਚੇਤਿਆਂ ਦੀ ਡਾਕ,
ਵਾਪਸੀ ਬੇਰੰਗ ਚਿੱਠੀ ਮੁੜੂ ਤੇਰੇ ਘਰੇ।

36- ਮਨ ਦੇ ਬੂਹੇ ਬਾਰੀਆਂ