ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੇ ਘਰ ਨੂੰ ਤੀਲੀ ਲਾ 'ਗੇ ਬਹੁ ਰੰਗੇ ਅਖ਼ਬਾਰ।
ਅੰਨ੍ਹੇ ਕਾਣੇ ਫਿਰਨ ਘੁਮਾਉਂਦੇ ਦੋ ਧਾਰੀ ਤਲਵਾਰ।

ਨਾ ਅੰਬਰ 'ਚੋਂ ਬਿਜਲੀ ਡਿੱਗੀ ਨਾ ਕੋਈ ਹੋਰ ਚੁੜੇਲ,
ਬਿਟ ਬਿਟ ਝਾਕੇ ਕੰਧ 'ਤੇ ਬੈਠੀ ਖੰਭ ਸੜਿਆਂ ਦੀ ਡਾਰ।

ਮਾਂ ਪਿਉ ਜਾਏ ਬਣੇ ਪਰਾਏ ਵੰਡਿਆ ਧਰਤੀ ਅੰਬਰ,
ਵਿਸ਼-ਵਣਜਾਰਿਆਂ ਲੀਕਾਂ ਪਾ ਕੇ ਦਿੱਤਾ ਕਹਿਰ ਗੁਜ਼ਾਰ।

ਅੰਦਰੋਂ ਕੁੰਡੀ ਲਾ ਕੇ ਸੁੱਤੇ ਵੈਦ-ਧੁਨੰਤਰ ਸਾਰੇ,
ਅਪਣੇ ਆਪ ਤਾਂ ਲਹਿ ਨਾ ਸਕਦਾ ਜਾਪੇ ਡਾਢਾ ਤੇਜ਼ ਬੁਖ਼ਾਰ।

ਮੌਸਮ ਸਿਰ ਇਲਜ਼ਾਮ ਲਗਾ ਕੇ ਕੰਢੇ 'ਤੇ ਜਾ ਬੈਠੇ,
ਚਿੱਟੇ ਕੱਪੜਿਆਂ ਵਾਲੇ ਮੇਰੇ ਵੰਨ ਸੁਵੰਨੇ ਯਾਰ।

ਗਲੀਆਂ ਚੌਂਕ ਚੁਰਸਤੇ ਸੜਕਾਂ ਸੁੰਨ ਮ-ਸੁੰਨੀਆਂ ਹੋਈਆਂ,
ਦਫ਼ਾ ਚੁਤਾਲੀ ਧੌਣ ਪੰਜਾਲੀ ਜੇ ਰਲ ਬੈਠਣ ਚਾਰ।

ਏਦਾਂ ਗਰਕ ਗਰਕ ਕੇ ਯਾਰੋ ਬਾਕੀ ਰਹਿ ਕੀ ਜਾਊ,
ਵਧਦੀ ਗਈ ਜੇ ਏਦਾਂ ਅਪਣੇ ਗਰਕਣ ਦੀ ਰਫ਼ਤਾਰ।

ਮਨ ਦੇ ਬੂਹੇ ਬਾਰੀਆਂ- 43