ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਗਰਦ ਚੜ੍ਹੀ ਅਸਮਾਨੇ ਰਾਤਾਂ ਕਾਲੀਆਂ।
ਸੁਹਣੇ ਪੁੱਤ ਗਵਾ ਲਏ ਪੁੱਤਾਂ ਵਾਲ਼ੀਆਂ।

ਸਿਖ਼ਰ ਦੁਪਹਿਰ ਸਿਰ 'ਤੇ ਕਾਂਬਾ ਕਹਿਰ ਦਾ,
ਦੋਹਾਂ ਚੋਂ ਕਿਸ ਰੁੱਤ ਨੂੰ ਦੇਵਾਂ ਗਾਲ਼ੀਆਂ।

ਪਾਲੇ ਠਰ ਕੇ ਰਾਤ ਮੁਸਾਫ਼ਰ ਮਰ ਗਿਆ,
ਹੁਣ ਕਿਉਂ ਲੋਥ ਸਿਰ੍ਹਾਣੇ ਅੱਗਾਂ ਬਾਲ਼ੀਆਂ।

ਏਧਰ ਓਧਰ ਖੁਸ਼ਬੂ ਪਈ ਕਲੋਲ ਕਰੇ,
ਕਾਹਨੂੰ ਵਿਚ ਵਿਚਾਲੇ ਲਾਈਆਂ ਜਾਲ਼ੀਆਂ।

ਪੇਟ ਵਜਾ ਕੇ ਗਾ ਕੇ ਭੁੱਖੇ ਰੱਜ ਗਏ,
ਦੇਣ ਤਸੱਲੀ ਆਈਆਂ ਜਦ ਨੂੰ ਥਾਲ਼ੀਆਂ।

ਰਾਤੀਂ ਖ਼ਬਰੇ ਕੌਣ ਸੁਨਾਉਣੀ ਦੇ ਗਿਆ,
ਬੋਹੜਾਂ ਦੇ ਪੱਬ ਡੋਲਣ ਥਿੜਕਣ ਟਾਹਲੀਆਂ।

ਜਾਦੂਗਰ ਦੀ ਸਾਜ਼ਿਸ਼ ਕੋਈ ਨਾ ਜਾਣਦਾ,
ਐਵੇਂ ਭੀੜ ਵਜਾਈ ਜਾਵੇ ਤਾਲ਼ੀਆਂ।

ਫੁੱਲਾਂ ਦਾ ਰੰਗ ਲਾਲ ਬਣੇਗਾ ਅੰਤ ਨੂੰ,
ਭਾਵੇਂ ਇਨ੍ਹਾਂ ਥੱਲੇ ਹਰੀਆਂ ਡਾਲ਼ੀਆਂ।

ਮਨ ਦੇ ਬੂਹੇ ਬਾਰੀਆਂ- 45