ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਅਖ਼ਬਾਰਾਂ 'ਚ ਰੋਜ਼ਾਨਾ ਮਰਿਆਂ ਦੀ ਖ਼ਬਰ ਲੱਗੇ।
ਜ਼ਹਿਰੀਲੀ ਹਵਾ ਦਾ ਹੀ ਹਰਫ਼ਾਂ 'ਤੇ ਅਸਰ ਲੱਗੇ।

ਦੀਵਾਰਾਂ ਨੇ ਸਭ ਪਾਸੇ ਨਾ ਬੂਹਾ ਨਾ ਬਾਰੀ ਹੈ,
ਅੰਬਰ ਵੱਲ ਝਾਕਦਿਆਂ ਖੁੱਲ੍ਹਾ ਇੱਕ ਦਰ ਲੱਗੇ।

ਧੁੱਪਾਂ ਤੋਂ ਕਣੀਆਂ ਤੋਂ ਜਿਸ ਛਤਰੀ ਬਚਾਉਣਾ ਸੀ,
ਉਸ ਕੱਪੜੇ ਸਣੇ ਤਾਰਾਂ ਮੈਨੂੰ ਜਾਲ ਤੋਂ ਡਰ ਲੱਗੇ।

ਇਹ ਵਕਤ ਭਲਾ ਕੈਸਾ ਸਿਰ ਉੱਤੇ ਹੈ ਆਣ ਖੜ੍ਹਾ,
ਪਾਣੀ ਤੇ ਅੱਗ ਸਣੇ ਸਾਹਾਂ ਤੇ ਵੀ ਕਰ ਲੱਗੇ।

ਕਤਰਨ ਨੂੰ ਉਹ ਪਰ ਮੇਰੇ ਫਿਰ ਲੈ ਕੇ ਤੇ ਆਏ ਨੇ,
ਕੈਂਚੀ ਵੀ ਉਹ ਜਿਸਨੂੰ ਸੋਨੇ ਦੇ ਨੇ ਪਰ ਲੱਗੇ।

ਸੋਚਾਂ ਦੀ ਹਨੇਰੀ ਵਿਚ ਮੈਂ ਖਿੰਡ ਗਿਆਂ ਏਦਾਂ,
ਬੂਹੇ 'ਤੇ ਖੜੋਤਿਆਂ ਵੀ ਸੌ ਮੀਲ ਤੇ ਘਰ ਲੱਗੇ।

ਤਲੀਆਂ ਤੇ ਟਿਕਾ ਕੇ ਸਿਰ ਇਹ ਕੌਣ ਕਿਵੇਂ ਕਿਹੜੇ?
ਧੂੰਏਂ 'ਚ ਗੁਆਚ ਗਏ ਇਹ ਕਿਸਦੇ ਮਗਰ ਲੱਗੇ?

ਮਨ ਦੇ ਬੂਹੇ ਬਾਰੀਆਂ- 47