ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਚੇਤੇ ਵਿਚੋਂ ਨਹੀਂ ਜਾਂਦੀ ਹੈ ਮੇਰੇ ਪਿੰਡ ਦੀ ਨਹਿਰ।
ਹੱਡਾਂ ਵਿਚ ਨਹੀਂ ਰਚਦਾ ਇਹ ਓਪਰਿਆਂ ਦਾ ਸ਼ਹਿਰ।

ਸਿਰ ਤੇ ਛਤਰੀ ਤਾਣ ਲਵਾਂ ਜੇ ਧੁੱਪ ਤੋਂ ਡਰਦਾ ਮਾਰਾ,
ਚੁਭਦੀ ਜਾਨ ਵਲੂੰਧਰਦੀ ਹੈ ਫਿਰ ਵੀ ਸਿਖ਼ਰ ਦੁਪਹਿਰ।

ਰੁੱਖਾਂ ਦੇ ਪਰਛਾਵੇਂ ਮੇਰੇ ਘਰ ਤੀਕਣ ਨ੍ਹੀਂ ਆਉਂਦੇ,
ਸੂਰਜ ਸਾਜ਼ਿਸ਼ ਕਰ ਲੈਂਦਾ ਹੈ ਕਿੱਡਾ ਵੱਡਾ ਕਹਿਰ।

ਹੁਣ ਲੋਹੜੇ ਦਾ ਮੀਂਹ ਆਵੇਗਾ ਰੁੱਖ ਡੋਲਦੇ ਵੇਖੋ,
ਅੰਬਰ ਦੇ ਨੈਣਾਂ ਚੋਂ ਦਿਸਦੀ ਸੁਰਮੇ ਵਰਗੀ ਗਹਿਰ।

ਅਣਦੇਖੇ ਦੁਸ਼ਮਣ ਦਾ ਚਿਹਰਾ ਮੁੜ ਘਿੜ ਨਜ਼ਰੀਂ ਆਵੇ,
ਪਤਾ ਨਹੀਂ ਕੀ ਸੁਪਨਾ ਆਵੇ ਰਾਤ ਦੇ ਪਿਛਲੇ ਪਹਿਰ।

ਅਧਮੋਏ ਦਫ਼ਤਰ ਵਿਚ ਹੋਏ ਸੁੱਤ-ਉਨੀਂਦੇ ਲੋਕੀ,
ਸਹਿਕਦਿਆਂ ਨੂੰ ਖ਼ੋਰੀ ਜਾਵੇ ਚਾਕਰੀਆਂ ਦਾ ਜ਼ਹਿਰ।

ਕੱਲ੍ਹ-ਕਲੋਤਰ ਮੈਂ ਵੀ ਸ਼ਾਇਦ ਪਾਣੀ ਵਿਚ ਵਹਿ ਜਾਵਾਂ,
ਕੱਲੀ ਕੀਕਣ ਤੁਰ ਸਕਦੀ ਏ ਪਾਣੀ ਉਤੇ ਲਹਿਰ।

48- ਮਨ ਦੇ ਬੂਹੇ ਬਾਰੀਆਂ