ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਹਾੜ੍ਹ ਮਹੀਨਾ ਸਿਖ਼ਰ ਦੁਪਹਿਰਾ ਤੇਜ਼ ਹਵਾ।
ਵੇਂਹਦੇ ਵੇਂਹਦੇ ਸਾਵਾ ਰੁੱਖ ਸੀ ਝੁਲਸ ਗਿਆ।

ਰਾਤਾਂ ਦੇ ਜਗਰਾਤੇ ਕੱਟ ਕੇ ਜੋ ਬੁਣਿਆ,
ਨੇੜੇ ਆਇਆ ਸੁਪਨਾ ਹੱਥੋਂ ਤਿਲਕ ਗਿਆ।

ਸੀਟੀ ਮਾਰ ਜਗਾਉਂਦਾ ਸੀ ਜੋ ਪਿੰਡ ਸਾਰਾ,
ਪਹਿਰੇਦਾਰ ਪਤਾ ਨਹੀਂ ਕਿੱਥੇ ਗ਼ਰਕ ਗਿਆ।

ਜਿਸ ਦੀ ਸ਼ੂਕਰ ਦਿੱਲੀ-ਤਖ਼ਤ ਡਰਾਉਂਦੀ ਸੀ,
ਅੱਥਰਾ ਦਰਿਆ ਕਿਹੜੇ ਟਿੱਬਿਆਂ ਡੀਕ ਲਿਆ।

ਦਰਿਆਵਾਂ ਦੇ ਵਹਿਣ ਅਜੇ ਵੀ ਸ਼ੂਕਰਦੇ,
ਕਾਫ਼ਲਿਆਂ ਦਾ ਮੂੰਹ ਕਿਉਂ ਪਿੱਛੇ ਪਰਤ ਗਿਆ।

ਚਿੜੀ ਚੂਕਦੀ ਸ਼ੀਸ਼ੇ ਨੂੰ ਟੁਣਕਾਰ ਗਈ,
ਬਾਹਰ ਨਿਕਲੋ ਸੂਰਜ ਬੂਹੇ ਆ ਢੁਕਿਆ।

ਮਨ ਦੇ ਬੂਹੇ ਬਾਰੀਆਂ- 49