ਸਮੱਗਰੀ 'ਤੇ ਜਾਓ

ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/51

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅੰਗਾਂ ਦੇ ਵਿਚ ਵੜਦੀ ਜਾਵੇ ਠੰਢੀ ਠਾਰ ਹਵਾ।
ਸਰਦ ਸਿਆਲੀਆਂ ਰਾਤਾਂ ਦਿਲ ਚੋਂ ਅੱਗ ਨੂੰ ਚੂਸ ਲਿਆ।

ਮੀਂਹ ਦਾ ਪਾਣੀ ਹੜ੍ਹ ਦਾ ਪਾਣੀ ਏਥੇ ਆਣ ਖਲੋਵੇ,
ਨੀਵੇਂ ਥਾਂ 'ਤੇ ਉੱਗੇ ਰੁੱਖ ਨੂੰ ਡਾਢੀ ਸਖ਼ਤ ਸਜ਼ਾ।

ਨੰਗ ਮੁਨੰਗੇ ਠੁਰ ਠੁਰ ਕਰਦੇ ਕੱਚੀਆਂ ਕੰਧਾਂ ਉਹਲੇ,
ਇਨ੍ਹਾਂ ਹਿੱਸੇ ਆਉਂਦੀ ਅੱਗ ਹੈ ਕਿਹੜਾ ਸੇਕ ਰਿਹਾ?

ਸਾਡੀ ਧਰਤੀ 'ਤੇ ਹਰ ਬੂਟਾ ਚੜ੍ਹੇ ਜਵਾਨੀ ਸੁਹਣੀ,
ਪਤਾ ਨਹੀਂ ਕਿਉਂ ਫ਼ਲ ਦੀ ਰੁੱਤੇ ਰੁੱਖ ਜਾਵੇ ਕੁਮਲਾ।

ਤੇਜ਼ ਹਨੇਰੀ ਤੋਂ ਕੰਬਦਾ ਹੈ ਸਾਰਾ ਪਿੰਡ ਉਦੋਂ ਤੋਂ,
ਜਦ ਤੋਂ ਝਟਕੇ ਨਾਲ ਬੋਹੜ ਦਾ ਬੂਟਾ ਉਖੜ ਗਿਆ।

ਧਰਤੀ ਅੰਬਰ ਜਾਣ ਫ਼ੈਲਦੇ ਮਹਿਲ ਮੁਨਾਰੇ ਖ਼ਾਤਰ,
ਸਾਡੀ ਧਰਤੀ ਸਾਡਾ ਅੰਬਰ ਕਾਹਨੂੰ ਸੁੰਗੜ ਗਿਆ।

ਠਰਦੇ ਹੱਥਾਂ ਬਹੁਤ ਬੁਲਾਇਆ ਲੱਖ ਇਸ਼ਾਰੇ ਕੀਤੇ,
ਅੱਗ ਦਾ ਗੀਤ ਗਵੱਈਆ ਰਾਹ 'ਚੋਂ ਆ ਕੇ ਪਰਤ ਗਿਆ।

ਮਨ ਦੇ ਬੂਹੇ ਬਾਰੀਆਂ- 51