ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਜੰਗਲ ਦੇ ਵਿਚ ਸ਼ਾਮ ਪਈ ਤੇ ਖੁਰਿਆ ਹੈ ਪਰਛਾਵਾਂ।
ਵੰਨ ਸੁਵੰਨੀਆਂ ਚੀਕਾਂ ਕੂਕਾਂ ਰੌਲਾ ਬੱਦ ਬਲਾਵਾਂ।

ਜਿਨ੍ਹਾਂ ਦੇ ਗਲ ਸੰਗਲ ਰੱਸੇ ਹਾਰ ਹਮੇਲਾਂ ਛਣਕਣ,
ਖ਼ਸਮ ਪਛਾਣ ਕੇ ਪਿੱਛੇ ਤੁਰੀਆਂ ਭੇਡਾਂ, ਮੱਝਾਂ, ਗਾਵਾਂ।

ਸਿਰ ਤੇ ਜਦੋਂ ਦੁਪਹਿਰ ਖੜ੍ਹੀ ਸੀ ਪੈਰ ਨ ਪੁੱਟਿਆ ਕੋਈ,
ਸਾਨੂੰ ਐਵੇਂ ਬੰਨ੍ਹ ਬਿਠਾਇਆ ਬੁੱਢੇ ਰੁੱਖਾਂ ਛਾਵਾਂ।

ਆਲ ਦੁਆਲਾ ਸਾਰੇ ਰਸਤੇ ਸ਼ੇਰ ਬਘੇਲਿਆਂ ਮੱਲੇ,
ਤੇਰੇ ਤੱਕ ਵੀ ਆਵਾਂ ਤਾਂ ਦੱਸ ਕਿਹੜੇ ਰਸਤੇ ਆਵਾਂ।

ਸਿਰ ਤੇ ਐਨ ਵਰ੍ਹਾਊ ਬੱਦਲ, ਕਹਿਰ, ਗੁਬਾਰ, ਹਨੇਰਾ,
ਵਿਰਲਾਂ ਥਾਣੀਂ ਝਾਕੇ ਫ਼ਿਰ ਵੀ ਤਾਰਾ ਵਿਰਲਾ ਟਾਵਾਂ।

ਏਨੇ ਸਾਲ ਬੇਗਾਨੀ ਧਰਤੀ ਖੋਰ ਖੋਰ ਕੇ ਪੀਤਾ,
ਹੁਣ ਬਨਵਾਸੀ ਪੁੱਤਰਾਂ ਤਾਈਂ ਕਿੰਵ ਪਛਾਨਣ ਮਾਵਾਂ।

52- ਮਨ ਦੇ ਬੂਹੇ ਬਾਰੀਆਂ