ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਨ੍ਹਾਂ ਦੇ ਪਿੰਡਿਆਂ ਨੇ ਪਾਏ ਲਿਸ਼ਕ ਪੁਸ਼ਕਵੇਂ ਬਸਤਰ ਸੀ।
ਉਨ੍ਹਾਂ ਹੀ ਤਾਂ ਬੇ-ਤਰਤੀਬੀ ਕੀਤੀ ਸਾਡੀ ਨੀਂਦਰ ਸੀ।

ਖੁਸ਼ੀਆਂ ਵਿਚ ਮਖ਼ਮੂਰ ਜਦੋਂ ਸਨ ਮੇਰੀ ਜਾਨ ਦੇ ਵੈਰੀ ਲੋਕ,
ਮੇਰੇ ਅੰਦਰ ਖ਼ੌਲ ਰਿਹਾ ਤਦ ਦੁੱਖ ਦਾ ਤਲਖ਼ ਸਮੁੰਦਰ ਸੀ।

ਗਰਮ ਹਵਾ ਦੇ ਰੋੜ੍ਹ 'ਚ ਰੁੜ੍ਹ ਗਏ ਕਿਣਕੇ ਕੱਲੇ ਕੱਲੇ ਸਨ,
ਵੇਖਣ ਨੂੰ ਜੋ ਲੱਗਦੇ ਭਾਵੇਂ ਗਿੱਲੇ ਰੇਤੇ ਦਾ ਘਰ ਸੀ।

ਚੋਰ ਚਕਾਰ ਬੁਰੇ ਦੇ ਭਾਵੇਂ ਅਪਣੇ ਪੈਰ ਨਹੀਂ ਹੁੰਦੇ,
ਪਿੱਛਾ ਕਰਨੋਂ ਰੋਕ ਲਿਆ ਜਿਸ ਅਪਣੇ ਮਨ ਦਾ ਹੀ ਡਰ ਸੀ।

ਹਰ ਵਾਰੀ ਇਸ ਬਕਸੇ ਵਿਚੋਂ ਮੌਤ ਸੁਨੇਹਾ ਨਿਕਲ ਆਇਆ,
ਹਰ ਵਾਰੀ ਉਸ ਪਰਚੀ ਉਤੇ ਅਪਣੇ ਹੀ ਹਸਤਾਖ਼ਰ ਸੀ।

ਮਨ ਦੇ ਬੂਹੇ ਬਾਰੀਆਂ- 53