ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਡੀਗੜ੍ਹ ਦੇ ਬਾਗ਼ 'ਚ ਜੀਕੂੰ ਖੁਸ਼ਬੋਹੀਣ ਗੁਲਾਬ ਹੈ।
ਮੈਨੂੰ ਅੱਜ ਕੱਲ੍ਹ ਏਦਾਂ ਜਾਪੇ ਅਪਣਾ ਦੇਸ ਪੰਜਾਬ ਹੈ।

ਇਸ ਬੂਟੇ ਨੂੰ ਕੰਡਿਆਂ ਤੋਂ ਬਿਨ ਹੋਰ ਤਾਂ ਕੁਝ ਵੀ ਲੱਗਣਾ ਨਾ,
ਫੁੱਲਾਂ ਖ਼ਾਤਰ ਲਾਈ ਜਾਵੇ ਇਹ ਭੈੜਾ ਜੋ ਦਾਬ ਹੈ।

ਮੋਢਿਆਂ ਨਾਲੋਂ ਛਾਂਗੀਆਂ ਬਾਹਾਂ, ਬੇ-ਸਿਰ, ਪੈਰ-ਵਿਹੂਣੇ ਲੋਕ,
ਰੋਜ਼ ਰਾਤ ਨੂੰ ਅੱਜ ਕੱਲ੍ਹ ਮੈਨੂੰ ਦਿਸਦਾ ਏਹੀ ਖ਼੍ਵਾਬ ਹੈ।

ਕਿਹੜਾ ਮਾਲੀ ਐਸੀ ਡਾਲੀ ਫਿਰ ਲਾਵੇਗਾ ਘਰ ਸਾਡੇ,
ਜਿਸ ਦੀ ਖੁਸ਼ਬੋ ਆਪ ਕਹੇਗੀ ਇਹ ਸਾਡਾ ਪੰਜਾਬ ਹੈ।

ਪਾਟੀਆਂ ਲੀਰਾਂ ਵਾਂਗ ਰੁਲੇ-ਨਾ ਇਹਦਾ ਵਰਕਾ ਵਰਕਾ ਵੀ,
ਸਾਂਝ-ਭਰਪੱਣ ਵਾਲੀ ਇਹ ਜੋ ਹੱਥਾਂ ਵਿਚ ਕਿਤਾਬ ਹੈ।

54- ਮਨ ਦੇ ਬੂਹੇ ਬਾਰੀਆਂ