ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਰ ਚੁਫ਼ੇਰੇ 'ਨੇਰ੍ਹ ਦਾ ਪਹਿਰਾ ਗੱਠੜੀ ਲੈ ਗਏ ਚੋਰ।
ਅੱਧ-ਸੁੱਤੀਏ ਹੁਣ ਜਾਗ ਨੀ ਤੇਰਾ ਲੁੱਟਿਆ ਸ਼ਹਿਰ ਭੰਬੋਰ।

ਸੱਤਰੰਗੀ ਅਸਮਾਨ ਦੀ ਲੀਲ੍ਹਾ ਕੋਲ ਸੀ ਜਿਹੜੀ ਉੱਡਦੀ,
ਅੱਜ ਬੇਗਾਨੇ ਤੋੜ ਮਰੋੜੀ ਸਣੇ ਪਤੰਗ ਦੇ ਡੋਰ।

ਨਾ ਕੋਈ ਬਾਗ਼ ਬਗੀਚਾ ਖਿੜਿਆ ਨਾ ਅੰਬਾਂ ਨੂੰ ਬੂਰ,
ਨਾ ਕੋਇਲਾਂ ਨਾ ਗਾਉਣ ਬੰਬੀਹੇ ਨਾ ਹੀ ਨੱਚਦੇ ਮੋਰ।

ਸਾਡੇ ਚਿਹਰੇ ਇੰਞ ਧੁਆਂਖੇ ਰਹੀ ਪਛਾਣ ਨਾ ਕੋਈ,
ਆਪਣੇ ਜ਼ਖ਼ਮ ਵਿਖਾ ਕੇ ਕੁੰਜੀ ਲੈ ਗਿਆ ਕੋਈ ਹੋਰ।

ਲਹਿੰਦੇ ਬੰਨੇ ਸੂਰਜ ਨੂੰ ਅੱਗ ਲੱਗ ਕੇ ਬੁਝ ਗਈ ਹੈ,
ਚੜ੍ਹਦੇ ਪਾਸੇ ਹੋਰ ਚੜ੍ਹੀ ਹੈ ਕਾਲੀ ਘਟ ਘਨਘੋਰ।

ਰੁਕ ਰੁਕ ਕੇ ਸਾਹ ਚਲਦਾ ਜਾਪੇ ਨਬਜ਼ ਖਲੋਤੀ ਹੋਈ,
ਢੀਠ ਮੁਲਕ ਦੀ ਪਹਿਲਾਂ ਨਾਲੋਂ ਵੀ ਮਸਤਾਨੀ ਤੋਰ।

ਸੱਜੇ ਖੱਬੇ ਅੱਗੜ ਪਿੱਛੜ ਗੱਲ ਕਾਹਦੀ ਹਰ ਪਾਸੇ,
ਚੋਰ ਉਚੱਕਿਆਂ ਰਲ ਕੇ ਮੱਲਿਆ ਸਾਡਾ ਤਖ਼ਤ ਲਾਹੌਰ।

56- ਮਨ ਦੇ ਬੂਹੇ ਬਾਰੀਆਂ