ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਬਰ ਦੇ ਵਿਚ ਬਿਜਲੀ ਕੜਕੇ ਲਿਸ਼ਕੇ ਚਮਕ ਡਰਾਵੇ।
ਬਾਹਰ ਖਲੋਤੀਆਂ ਪੱਕੀਆਂ ਕਣਕਾਂ ਜਾਨ ਨਿਕਲਦੀ ਜਾਵੇ।

ਲਿਸ਼ਕ ਚਾਨਣੀ ਮਾਰ ਗਈ ਹੈ ਲਹਿ-ਲਹਿਰਾਉਂਦੇ ਛੋਲੇ,
ਦਾਣਿਆਂ ਦੀ ਥਾਂ ਘਰ ਵਿਚ ਆਏ ਹਾਉਕੇ ਹੰਝੂ ਹਾਵੇ।

ਸਾਡੇ ਪਿੰਡ ਤਾਂ ਫੂਹੜੀ ਵਿਛ ਗਈ ਗੜ੍ਹੇਮਾਰ ਦੇ ਮਗਰੋਂ,
ਸ਼ਹਿਰਾਂ ਦੇ ਵਿਚ ਲਾਊਡ ਸਪੀਕਰ ਉੱਚੀ ਉੱਚੀ ਗਾਵੇ।

ਕੱਚੇ ਘਰ ਪਾਣੀ ਵਿਚ ਡੁੱਬੇ ਖੁਰਦੀਆਂ ਜਾਵਣ ਕੰਧਾਂ,
ਉੱਚੇ ਪੱਕੇ ਘਰ ਦੇ ਵਿਹੜੇ ਚਿੜੀ ਰੇਤ ਵਿਚ ਨ੍ਹਾਵੇ।

ਚਾਰ ਚੁਫ਼ੇਰੇ ਚਿੱਕੜ ਖੋਭਾ ਗੋਡੇ ਗੋਡੇ ਪਾਣੀ,
ਸਾਡੀ ਖ਼ਬਰ-ਸਾਰ ਨੂੰ ਕਿੱਦਾ ਪਤਵੰਤਾ ਕੋਈ ਆਵੇ।

ਲਹਿਣੇਦਾਰ ਆਵਾਜ਼ਾਂ ਮਾਰਨ ਬੂਹੇ ਨੂੰ ਖੜਕਾ ਕੇ,
ਖ਼ਾਲੀ ਜੇਬ ਹੁੰਗਾਰਾ ਭਰਨੋਂ ਵੀ ਕੰਨੀ ਕਤਰਾਵੇ।

ਠੰਢਾ ਚੁੱਲ੍ਹਾ ਖਾਲੀ ਬੋਰੀ ਸੱਖਣੇ ਪੀਪੇ ਰੋਂਦੇ,
ਵੇਖ ਭੜੋਲੀਆਂ ਖ਼ਾਲੀ-ਖ਼ਾਲੀ ਸਾਹ-ਸਤ ਮੁੱਕਦਾ ਜਾਵੇ।

ਮਨ ਦੇ ਬੂਹੇ ਬਾਰੀਆਂ- 57