ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਲ ਦੁਆਲੇ ਲਾਟਾਂ ਵਗਦੀ ਗਰਮ ਹਵਾ।
ਚਿਰ ਤੋਂ ਗਾਉਂਦਾ ਪੰਛੀ ਸੁਰ ਤੋਂ ਡੋਲ ਗਿਆ।

ਦਰਿਆ ਪਾਣੀ ਵਗਦੇ ਇਕ ਦਮ ਠਹਿਰ ਗਏ,
ਕਿਸ ਕਲਜੋਗਣ ਨਹਿਸ਼ ਪਰੀ ਦਾ ਪੈਰ ਪਿਆ।

ਪਤਾ ਨਹੀਂ ਕੀਹ ਮਾਰ ਵਗੀ ਹੈ ਸਮਿਆਂ ਨੂੰ,
ਫ਼ੁੱਲਾਂ ਦੀ ਖੁਸ਼ਬੋਈ ਕੋਈ ਚੂਸ ਗਿਆ।

ਏਨੀ ਤੇਜ਼ ਹਨੇਰੀ ਆਈ ਇਸ ਵਾਰੀ,
ਬਾਗ਼ ਬਗੀਚਾ ਜੰਗਲ ਬੂਟਾ ਸਹਿਮ ਗਿਆ।

ਹੱਥ ਨੂੰ ਹੱਥ ਪਛਾਨਣ ਤੋਂ ਇਨਕਾਰ ਕਰੇ,
'ਨ੍ਹੇਰੇ ਦਾ ਪਰਿਵਾਰ ਚੁਫ਼ੇਰੇ ਫ਼ੈਲ ਗਿਆ।

ਡਾਰੋਂ ਵਿੱਛੜੀ ਕੂੰਜ ਵਾਂਗ ਕੁਰਲਾਉਂਦੀ ਹੈ,
ਬਲਦੀ ਅੱਗ ਨੇ ਜੀਵਨ ਨੂੰ ਇੰਝ ਘੇਰ ਲਿਆ।

ਬਾਲ ਬਚਪਨਾ ਕਲਮ ਦਵਾਤ ਸਲੇਟਾਂ ਵੀ
ਊੜਾ ਐੜਾ ਸਣੇ ਬਸਤਿਆਂ ਝੁਲਸ ਗਿਆ।

58- ਮਨ ਦੇ ਬੂਹੇ ਬਾਰੀਆਂ