ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਵਾ ਵਿਚ ਉੱਡ ਰਿਹਾ ਸਾਂ ਡਿੱਗ ਪਿਆ ਹਾਂ।
ਮੈਂ ਅਪਣੇ ਆਪ ਵਿਚੋਂ ਲਾਪਤਾ ਹਾਂ।

ਦਿਆਂ ਪਰਵਾਜ਼ ਦਾ ਤੋਹਫ਼ਾ ਕੀ ਅੰਬਰ,
ਮੈਂ ਖੰਭਾਂ ਤੋਂ ਵਿਹੂਣਾ ਹੋ ਗਿਆ ਹਾਂ।

ਚੁਫ਼ੇਰੇ ਜ਼ਹਿਰ ਹੈ ਸੱਪਾਂ 'ਚ ਘਿਰਿਆਂ,
ਜਵਾਨੀ ਵਿਚ ਹੋਇਆ ਹਾਦਿਸਾ ਹਾਂ।

ਤੂੰ ਮੈਥੋਂ ਦੂਰ ਹੈਂ ਆਵਾਜ਼ ਤਾਂ ਦੇਹ,
ਸੁਰਾਂ ਨੂੰ ਸਹਿਕਦਾ ਮੈਂ ਬੇ-ਸੁਰਾ ਹਾਂ।

ਤਰਸਦਾ ਹਾਂ ਮੈਂ ਤੇਰੀ ਰੌਸ਼ਨੀ ਨੂੰ,
ਮੈਂ ਤੇਰੇ ਬਾਝ ਤਾਂ ਬੁਝਿਆ ਪਿਆ ਹਾਂ।

ਤੇਰੀ ਉਸ ਮੁਸਕਣੀ ਤੋਂ ਕੁਝ ਕੁ ਪਹਿਲਾਂ,
ਮੈਂ ਬਿਲਕੁਲ ਆਮ ਵਰਗਾ ਆਦਮੀ ਸਾਂ।

ਹਜ਼ਾਰਾਂ ਵਾਰ ਇੱਕੋ ਸਿਰ ਤੇ ਸਹਿ ਕੇ,
ਮੈਂ ਤੇਰੇ ਸਾਹਮਣੇ ਸਾਬਤ ਖੜ੍ਹਾ ਹਾਂ।

ਮਨ ਦੇ ਬੂਹੇ ਬਾਰੀਆਂ- 59