ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਪਦੇ ਥਲਾਂ ਦਾ ਪੈਂਡਾ ਸਾਹਾਂ ਦੀ ਰਾਸ ਲੈ ਕੇ।
ਮੈਂ ਤੁਰ ਰਿਹਾ ਹਾਂ ਫਿਰ ਵੀ ਜਨਮਾਂ ਦੀ ਪਿਆਸ ਲੈ ਕੇ।

ਕੰਡਿਆਂ 'ਚ ਉਲਝਦੀ ਹੈ ਹਰ ਵਾਰ ਅੱਖ ਮੇਰੀ,
ਇਹ ਜ਼ਿੰਦਗੀ ਨਾ ਮਹਿਕੀ ਫੁੱਲਾਂ ਦੀ ਬਾਸ ਲੈ ਕੇ।

ਹਰ ਇਕ ਕਦਮ ਤੇ ਪੀੜਾਂ ਤੇ ਪੈਰ ਪੈਰ ਛਾਲੇ,
ਮੈਂ ਆ ਰਿਹਾ ਹਾਂ ਏਥੇ ਛਮਕਾਂ ਦੀ ਲਾਸ ਲੈ ਕੇ।

ਭਾਵੇਂ ਉਡੀਕ ਮੈਨੂੰ ਜਾਂ ਨਾ ਉਡੀਕ ਐਪਰ,
ਬੂਹੇ 'ਚ ਬੈਠ ਨਾ ਤੂੰ ਚਿਹਰਾ ਉਦਾਸ ਲੈ ਕੇ।

ਸ਼ਿਕਵਾ ਸ਼ਿਕਾਇਤ ਰੋਸਾ ਕਿਸ 'ਤੇ ਕਰਾਂ ਮੈਂ ਯਾਰੋ,
ਮੈਂ ਆਪ ਆ ਰਿਹਾ ਹਾਂ ਜੰਗਲ ਦਾ ਵਾਸ ਲੈ ਕੇ।

60- ਮਨ ਦੇ ਬੂਹੇ ਬਾਰੀਆਂ