ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਂਭ ਕੇ ਕਾਗ਼ਜ਼ ਕਿਤਾਬਾਂ ਕੰਧ 'ਤੇ ਲਿਖਿਆ ਪੜ੍ਹੋ।
ਸਾਂਭ ਕੇ ਕਲਮਾਂ ਦਵਾਤਾਂ ਕੰਧ 'ਤੇ ਲਿਖਿਆ ਪੜ੍ਹੋ।

ਸੇਕ ਮਾਰਨ ਸੁਰਖੀਆਂ ਅਖ਼ਬਾਰ ਦੀਆਂ ਰੋਜ਼ ਹੀ,
ਅੱਗ ਉਗਲਣ ਵਾਰਦਾਤਾਂ ਕੰਧ 'ਤੇ ਲਿਖਿਆ ਪੜ੍ਹੋ।

ਖ੍ਹਾਬ ਵਿਚ ਵੇਖੇ ਨਹੀਂ ਅੱਖਰ ਕਦੇ ਏਨੇ ਉਦਾਸ,
ਰੁੱਤ ਨੇ ਦਿੱਤੀਆਂ ਸੁਗਾਤਾਂ ਕੰਧ 'ਤੇ ਲਿਖਿਆ ਪੜ੍ਹੋ।

ਜ਼ਿੰਦਗੀ ਵਿਚ ਕਿਸ ਤਰ੍ਹਾਂ ਦਾ ਦਖ਼ਲ ਦਿੱਤੇ ਨ੍ਹੇਰਿਆ,
ਹੋ ਗਈਆਂ ਬਲਵਾਨ ਰਾਤਾਂ ਕੰਧ 'ਤੇ ਲਿਖਿਆ ਪੜ੍ਹੋ।

ਰਾਤ ਦਿਨ ਮੌਸਮ ਹਵਾਵਾਂ 'ਨ੍ਹੇਰੀਆਂ ਤੇ ਬਿਜਲੀਆਂ,
ਕਿੰਨੀਆਂ ਗੋਤਾਂ ਤੇ ਜ਼ਾਤਾਂ ਕੰਧ 'ਤੇ ਲਿਖਿਆ ਪੜ੍ਹੋ।

62-ਮਨ ਦੇ ਬੂਹੇ ਬਾਰੀਆਂ