ਸਮੱਗਰੀ 'ਤੇ ਜਾਓ

ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/64

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕੰਡਿਆਂ ਦੀ ਤਾਰ ਅੰਦਰ ਜ਼ਿੰਦਗੀ।
ਹੋਰ ਕਿਸ ਨੂੰ ਆਖਦੇ ਨੇ ਖ਼ੁਦਕਸ਼ੀ।

ਇਹ ਹਵਾ ਕਿੱਥੋਂ ਕੁਲਹਿਣੀ ਆ ਗਈ,
ਕੰਬਦੇ ਨੇ ਪਿੰਡ ਵੀ ਤੇ ਸ਼ਹਿਰ ਵੀ।

ਛਾਂਗਿਆ ਰੁੱਖਾਂ ਨੂੰ ਜਦ ਤਲਵਾਰ ਨੇ,
ਜੀਂਦੀਆਂ ਟਾਹਣਾਂ ਦੀ ਨਿਕਲੀ ਚੀਕ ਸੀ।

ਵਕਤ ਨੇ ਪੈਰਾਂ 'ਚ ਏਦਾਂ ਮਿੱਧਿਆ,
ਵੈਣ ਵਾਂਗੂੰ ਜਾਪਦੇ ਨੇ ਗੀਤ ਵੀ।

ਕਰਫ਼ੀਊ ਕੈਸਾ ਮਨਾਂ 'ਤੇ ਬਹਿ ਗਿਆ,
ਡਰਦਿਆਂ ਨਿਕਲੇ ਨਾ ਬਾਹਰ ਚੀਕ ਵੀ।

64- ਮਨ ਦੇ ਬੂਹੇ ਬਾਰੀਆਂ