ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹਾਦਸਿਆਂ ਦੀ ਦੁਨੀਆਂ ਅੰਦਰ ਅਜਬ ਹਾਦਸਾ ਵਾਪਰਿਆ।
ਬੰਦ ਬਾਰੀਆਂ, ਬੂਹੇ, ਫਿਰ ਵੀ, ਮੇਰੇ ਘਰ ਉਹ ਪਹੁੰਚ ਗਿਆ।

ਸੂਰਜ ਛੁਪਿਆਂ ਹੀ ਸੀ ਬੁੱਢੇ ਰੁੱਖ ਤੋਂ ਪੰਛੀ ਬੋਲ ਪਿਆ,
ਬਸ ਫਿਰ ਕੀ ਸੀ ਸ਼ਾਮ ਉਦਾਸੀ ਨੇ ਮੈਨੂੰ ਆ ਘੇਰ ਲਿਆ।

ਉਸ ਦਿਨ ਪਿੱਛੋਂ ਸੇਕ ਅੱਗ ਦਾ ਮੇਰਾ ਪਿੰਡਾ ਸਾੜ ਰਿਹਾ,
ਜਿਸ ਦਿਨ ਦਾ ਮੈਂ ਅੱਗ ਵਿਚ ਸੜਦਾ ਸੁਰਖ਼ ਗੁਲਾਬ ਹੈ ਵੇਖ ਲਿਆ।

ਚਿਹਰੇ ਤੇ ਬੇਰੌਣਕੀ ਜੰਮੀ ਉਦਰੇਵੇਂ ਦਾ ਲੇਪ ਜਿਹਾ,
ਜਿਸ ਦਿਨ ਦਾ ਇਕ ਫ਼ੂਲਦਾਨ ਹੈ ਮੇਰੇ ਹੱਥੋਂ ਤਿੜਕ ਗਿਆ।

ਰੁੱਖਾਂ ਵਾਂਗ ਮਨੁੱਖਾਂ ਨੂੰ ਕੀਹ ਵਾਢ ਧਰੀ ਹੈ ਸਮਿਆਂ ਨੇ,
ਮੈਨੂੰ ਜਾਪੇ ਗੋਡਿਆਂ ਕੋਲੋਂ ਮੈਨੂੰ ਕਿਸੇ ਨੇ ਛਾਂਗ ਲਿਆ।

ਮਨ ਦੇ ਬੂਹੇ ਬਾਰੀਆਂ-65