ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਪਣੇ ਆਲ-ਦੁਆਲੇ ਤਣਿਆ ਹੋਇਆ ਜੋ ਧੂੰਆਂ ਤਾਂ ਦੇਖ।
ਇਸ ਧੂੰਏਂ ਦੇ ਪੈਰਾਂ ਹੇਠਾਂ ਇਕ ਬੁਝਿਆ ਚਿਹਰਾ ਤਾਂ ਦੇਖ।

ਬੇਬਸ ਬੱਚਾ ਉਲਝ ਗਿਆ ਹੈ ਜੇਕਰ ਪਿਲਚੀ ਡੋਰ ਤੇ ਨਾਲ,
ਕਾਗ਼ਜ਼ ਦੀ ਗੁੱਡੀ ਸੰਗ ਜੁੜਿਆ ਉੱਡਣ ਦਾ ਸੁਪਨਾ ਤਾਂ ਦੇਖ।

ਇਹ ਮੌਸਮ ਦੀ ਕਰਾਮਾਤ ਹੈ ਸਿਖ਼ਰ ਦੁਪਹਿਰ ਹਨੇਰਾ ਹੈ,
ਪਰ ਇਸ ਵੇਲੇ ਸਿਰ 'ਤੇ ਦਗਦਾ ਸੂਰਜ ਦਾ ਗੋਲਾ ਤਾਂ ਦੇਖ।

ਅਪਣੇ ਘਰ ਦੀ ਚਾਰ-ਦੀਵਾਰੀ ਤੋਂ ਵੀ ਬਾਹਰ ਝਾਕ ਜ਼ਰਾ,
ਪਰਛਾਵੇਂ ਤੋਂ ਡਰਨ ਵਾਲਿਆ ਉੱਚਾ ਕੱਦ ਅਪਣਾ ਤਾਂ ਦੇਖ।

ਇਸ ਪਰਬਤ ਨੂੰ ਤੋੜ ਸਕਣ ਦਾ ਸਾਡਾ ਦਾਅਵਾ ਕੋਈ ਨਹੀਂ,
ਬੱਸ ਫਰਹਾਦ ਨੇ ਹੱਥਾਂ ਵਿਚ ਜੋ ਫੜਿਆ ਹੈ ਤੇਸਾ ਤਾਂ ਦੇਖ।

ਮਨ ਦੇ ਬੂਹੇ ਬਾਰੀਆਂ-67