ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ ਕਾਵਿ ਖੇਤਰ ਵਿਚ ਆਧੁਨਿਕ ਸੀਸੀਫ਼ਸ

ਪ੍ਰਸਿੱਧ ਵਿਦਵਾਨ ਆਲੇ ਅਹਿਮਦ 'ਸਰੂਰ' ਦਾ ਇਕ ਸ਼ਿਅਰ ਹੈ:

ਗ਼ਜ਼ਲ ਮੇਂ ਜ਼ਾਤ ਭੀ ਹੈ ਔਰ ਕਾਇਨਾਤ ਭੀ ਹੈ,

ਤੁਮ੍ਹਾਰੀ ਬਾਤ ਭੀ ਹੈ ਔਰ ਹਮਾਰੀ ਬਾਤ ਭੀ ਹੈ।

ਜ਼ਾਤ ਤੋਂ ਕਾਇਨਾਤ ਤਕ ਫੈਲੇ ਦ੍ਰਿਸ਼ਟੀਕੋਣ ਦੀ ਉਦਾਹਰਣ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਵੇਖੀ ਜਾ ਸਕਦੀ ਹੈ।

ਵਾਸਤਵ ਵਿਚ ਗੁਰਭਜਨ ਗਿੱਲ ਦੀ ਸ਼ਾਇਰੀ ਜਿਗਰ ਮੁਰਾਦਾਬਾਦੀ ਦੇ ਇਕ ਸ਼ਿਅਰ:-

ਇਕ ਲਫ਼ਜ਼ ਮੁਹੱਬਤ ਕਾ ਅਦਨਾ ਯੇਹ ਫ਼ਸਾਨਾ ਹੈ,
ਸਿਮਟੇ ਤੋ ਦਿਲੇ ਆਸ਼ਕ ਫ਼ੈਲੇ ਤੋ ਜ਼ਮਾਨਾ ਹੈ।

ਦਾ ਪੂਰਾ ਪੂਰਾ ਤਰਜਮਾਨ ਹੈ। ਕਿਉਂਕਿ ਫ਼ੈਲਣ ਤੇ ਸਿਮਟਣ ਦੀ ਪ੍ਰਕਿਰਿਆ ਹੀ ਕਿਸੇ ਸ਼ਾਇਰ ਨੂੰ ਆਤਮ ਤੋਂ ਅਨਾਤਮ ਨਾਲ ਜੋੜਦੀ ਹੈ ਅਤੇ ਆਤਮ ਤੋਂ ਅਨਾਤਮ ਨਾਲ ਜੁੜਨ ਦਾ ਰਿਸ਼ਤਾ ਹੀ ਸ਼ਾਇਰ ਨੂੰ ਪੂਰਨਤਾ ਪ੍ਰਦਾਨ ਕਰਦਾ ਹੈ। ਸਿਮਟਣ ਤੇ ਫ਼ੈਲਣ ਵਿਚ ਹੀ ਕਾਇਨਾਤ ਦੀ ਪ੍ਰਗਤੀ ਛੁਪੀ ਹੋਈ ਹੈ ਜਿਸ ਦੁਆਰਾ ਪਦਾਰਥਾਂ ਦੀ ਹੋਂਦ ਅਤੇ ਅਣਹੋਂਦ ਬਣਦੀ ਮਿਟਦੀ ਰਹਿੰਦੀ ਹੈ।

ਇਸ ਤੋਂ ਬਿਨਾਂ ਗੁਰਭਜਨ ਗਿੱਲ ਦੀ ਸ਼ਾਇਰੀ ਵਿਚ ਰਮਜ਼ੀਅਤ ਦਾ ਕਮਾਲ ਥਾਂ ਥਾਂ ਵਿਦਮਾਨ ਹੈ। ਇਸਦਾ ਇਕ ਦ੍ਰਿਸ਼ਟਾਂਤ ਵੇਖੋ:

ਡੇਰਾ ਬਾਬਾ ਨਾਨਕੋਂ ਕੋਠੇ ਚੜ੍ਹਕੇ ਜੋ ਦਿਸਣ
ਜਿਸਮ ਨਾਲੋਂ ਕੁਤਰ ਕੇ ਸੁੱਟੇ ਗਏ ਪਰ ਯਾਦ ਨੇ।

ਇਸ ਸ਼ਿਅਰ ਵਿਚ ਰਮਜ਼ ਤੇ ਅਣਕਹੀ ਕਵਿਤਾ (unsaid poetry) ਦਾ ਕਮਾਲ ਹੀ ਨਹੀਂ ਛੁਪਿਆ ਹੋਇਆ, ਇਸਦੇ ਪਸੇਮੰਜ਼ਰ (background) ਵਿਚ ਅਸੀਮ ਅਰਥਚਾਰਕ ਸੰਸਾਰ ਵੀ ਹੈ। ਸ਼ਾਇਰ ਸੰਕੇਤ ਨਾਲ ਹੀ ਦੇਸ਼ ਦੀ ਵੰਡ ਕਾਰਨ ਸਾਡੇ ਨਾਲੋਂ ਅਲੱਗ ਕੀਤੀ ਗਈ ਧਰਤੀ, ਰਿਸ਼ਤਿਆਂ, ਧਾਰਮਿਕ ਅਕੀਦਿਆਂ ਤੇ ਮੁਹੱਬਤਾਂ ਵਲ ਇਸ਼ਾਰਾ ਕਰ ਜਾਂਦਾ ਹੈ।

ਇਸ ਤਰ੍ਹਾਂ ਉਸਦੀ ਸ਼ਾਇਰੀ ਰਮਜ਼ਾਂ ਦੀ ਕੈਮੋਫਲਾਜਿਕ (camouflagic) ਜੁਗਤ ਕਾਰਨ ਕਦੇ ਵੀ ਸਪਾਟ ਜਾਂ ਓਪਰੀ ਤੇ ਮਸਨੂਈ ਪ੍ਰਤੀਤ ਨਹੀਂ ਹੁੰਦੀ। ਜੇ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜ਼ਿਕਰ ਕਰ ਦੇਂਦਾ ਤਾਂ ਇਹ ਸ਼ਿਅਰ ਅਸੀਮ ਅਰਥਾਂ ਦਾ ਸੁਆਮੀ

ਮਨ ਦੇ ਬੂਹੇ ਬਾਰੀਆਂ- 7