ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰ ਪਾਸੇ ਹਥਿਆਰ ਬੇਲੀਆ।
ਕਰਦੇ ਮਾਰੋ ਮਾਰ ਬੇਲੀਆ।

ਮੈਂ ਵਰ੍ਹਿਆਂ ਤੋਂ ਲੱਭਦਾ ਫਿਰਨਾਂ,
ਕਿੱਥੇ ਹੈ ਸਰਕਾਰ ਬੇਲੀਆ?

ਲੱਤਾਂ ਹੀ ਨਾ ਭਾਰ ਸੰਭਾਲਣ,
ਡਿੱਗਿਆ ਮੂੰਹ ਦੇ ਭਾਰ ਬੇਲੀਆ।

ਪੰਛੀ ਨਹੀਂ ਇਹ ਅਰਸ਼ 'ਤੇ ਉਡਦੀ
ਹੈ ਖੰਭਾਂ ਦੀ ਡਾਰ ਬੇਲੀਆ।

ਜਿਸਮ ਅਸਾਡਾ ਟੁੱਕੀ ਜਾਵੇ,
ਆਪਣੀ ਹੀ ਤਲਵਾਰ ਬੇਲੀਆ।

ਟੂਣੇ ਵਾਂਗ ਬਰੂਹੀਂ ਡਿੱਗੇ,
ਰੋਜ਼ਾਨਾ ਅਖ਼ਬਾਰ ਬੇਲੀਆ।

ਮੋਏ ਮੁੱਕਰੇ ਇਕ ਬਰਾਬਰ,
ਭੁੱਲੇ ਕੌਲ ਕਰਾਰ ਬੇਲੀਆ।

ਸ਼ਗਨਾਂ ਦੀ ਫੁਲਕਾਰੀ ਹੁਣ ਤਾਂ,
ਹੋ ਗਈ ਤਾਰੋ ਤਾਰ ਬੇਲੀਆ।

74-ਮਨ ਦੇ ਬੂਹੇ ਬਾਰੀਆਂ