ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਾਲਮ ਦੇ ਅੱਗੇ ਤਾਂ ਅੜੀਏ।
ਭਾਵੇਂ ਪੈਂਦੀ ਸੱਟੇ ਝੜੀਏ।

ਵਕਤ ਗੁਆਚਾ ਹੱਥ ਨ ਆਉਣਾ,
ਕੰਧਾਂ ਉੱਪਰ ਲਿਖਿਆ ਪੜ੍ਹੀਏ।

ਆਪਾਂ ਕਿਉਂ ਨਹੀਂ ਛਾਂ ਬਣ ਜਾਂਦੇ,
ਕਾਹਦੀ ਖ਼ਾਤਰ ਅੱਗ ਵਿਚ ਸੜੀਏ।

ਲਿਸ਼ਕਣਹਾਰ ਮੁਲੰਮੇ ਤਨ ਦੇ,
ਮਨ ਦੀ ਬੋਲੀ ਕਿਥੋਂ ਪੜ੍ਹੀਏ।

ਟੋਟੇ ਟੋਟੇ ਹੋਣ ਤੋਂ ਪਹਿਲਾਂ,
ਤਲਖ਼ ਸਮੇਂ ਦੇ ਤੱਕੜ ਚੜ੍ਹੀਏ।

ਉੱਚੇ ਘਰ ਦੀ ਮਮਟੀ ਉੱਤੇ,
ਪੌੜੀ ਪੌੜੀ ਕਰਕੇ ਚੜ੍ਹੀਏ।

ਮਨ ਤਾਂ ਘੁੰਮੇ ਦੇਸ਼ ਦੇਸ਼ੰਤਰ,
ਤਨ ਦੀ ਮਿੱਟੀ ਕਿੱਥੇ ਖੜੀਏ।

ਬਾਗਬਾਨ ਨੇ ਕੰਡੇ ਬੀਜੇ,
ਆਓ ਫੁੱਲਾਂ ਖ਼ਾਤਰ ਲੜੀਏ।

ਭਾਵੇਂ ਲੱਖ ਹਿਝੋਕੇ ਵੱਜਣ
ਟੁੱਟੀਂ ਨਾ ਤੂੰ ਸਾਂਝ ਦੀ ਕੜੀਏ।

ਮਨ ਦੇ ਬੂਹੇ ਬਾਰੀਆਂ-77