ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪੋ ਆਪਣੀ ਚੁੱਪ ਤੋਂ ਡਰੀਏ।
ਸ਼ਾਮ ਸਵੇਰੇ ਹੌਕੇ ਭਰੀਏ।

ਧਰਤੀ ਪੀਤਾ ਸਾਰਾ ਪਾਣੀ,
ਮਾਰੂਥਲ ਵਿਚ ਕੀਕਣ ਤਰੀਏ।

ਕਾਲੇ ਸਾਏ ਚਾਰ ਚੁਫ਼ੇਰੇ,
ਨਾ ਹੀ ਜਾਂਦੇ ਨਾ ਹੀ ਮਰੀਏ।

ਵਾਹ ਕੇ ਕਾਗ਼ਜ਼ ਉੱਪਰ ਲੀਕਾਂ,
ਮਨ ਦੇ ਖ਼ਾਲੀ ਕੋਨੇ ਭਰੀਏ।

ਚਿੜੀ ਆਖਦੀ ਜਾਗ ਮੁਸਾਫ਼ਰ,
ਕੁਝ ਤਾਂ ਪੈਂਡਾ ਖੋਟਾ ਕਰੀਏ।

ਤਨ 'ਤੇ ਨਿੱਘਾ ਕੋਟ ਸਵੈਟਰ,
ਮਨ ਦੇ ਪਾਲੇ ਕਰਕੇ ਠਰੀਏ।

ਮਨ ਦੀ ਬੱਤੀ ਬਾਲ ਬਾਲ ਕੇ,
ਚਾਰ ਚੁਫ਼ੇਰੇ ਚਾਨਣ ਕਰੀਏ।

ਡਾਢੀ ਤੇਜ਼ ਹਨੇਰੀ ਫਿਰ ਵੀ,
ਆ ਮਮਟੀ ’ਤੇ ਦੀਵਾ ਧਰੀਏ।

78-ਮਨ ਦੇ ਬੂਹੇ ਬਾਰੀਆਂ