ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜਦ ਤੋਂ ਹੋਰ ਜ਼ਮਾਨੇ ਆਏ ਬਦਲੇ ਨੇ ਹਾਲਾਤ ਮੀਆਂ।
ਸਾਡੇ ਪਿੰਡ ਤਾਂ ਚਾਰ ਵਜੇ ਹੀ ਪੈ ਜਾਂਦੀ ਏ ਰਾਤ ਮੀਆਂ।

ਏਸ ਘਰ ਦੀਆਂ ਨੀਹਾਂ ਦੇ ਵਿਚ ਸਿਰ ਰੱਖੇ ਸੀ ਏਸ ਲਈ,
ਪੁੱਤ ਪੋਤਰੇ ਵਾਸ ਕਰਨਗੇ ਜਦ ਆਊ ਬਰਸਾਤ ਮੀਆਂ।

ਰੋਜ਼ ਦਿਹਾੜੀ ਸਥੱਰ ਵਿਛਦੇ ਕੀਰਨਿਆਂ ਦੀ 'ਵਾਜ ਸੁਣੇ,
ਇਕ ਇਕ ਕਰਕੇ ਕਤਲ ਹੋ ਰਹੇ ਹੁਣ ਮੇਰੇ ਜਜ਼ਬਾਤ ਮੀਆਂ।

ਰਾਜ ਭਵਨ ਦੇ ਵਾਸੀ ਸੱਜਣਾ ਤੂੰ ਵੀ ਬਾਹਰ ਝਾਕ ਜ਼ਰਾ,
ਕਈ ਵਰ੍ਹਿਆਂ ਤੋਂ ਇਸ ਬਸਤੀ ਵਿਚ ਨਹੀਂ ਆਈ ਪ੍ਰਭਾਤ ਮੀਆਂ।

ਮੇਰੀ ਚੀਖ਼ ਸੁਣਦਿਆਂ ਲੋਕਾਂ ਜਾਗ ਅਤੇ ਸੰਘਰਸ਼ ਵੀ ਕਰ,
ਆਪਣੇ ਆਪ ਨਹੀਂ ਇਹ ਮੁੱਕਣੀ ਗਮ ਦੀ ਕਾਲੀ ਰਾਤ ਮੀਆਂ।

ਆਪੋ ਅਪਣਾ ਜ਼ਹਿਰ ਪਿਆਲਾ ਪੀਣਾ ਪੈਣੈਂ ਹਮ ਸਫ਼ਰੋ,
ਹਰ ਵਾਰੀ ਨਹੀਂ ਆਉਂਦਾ ਹੁੰਦਾ ਧਰਤੀ 'ਤੇ ਸੁਕਰਾਤ ਮੀਆਂ।

ਜਿਹੜੇ ਵੇਲੇ ਚੋਗਾ ਚੁਗ ਕੇ ਪੰਛੀ ਘਰ ਨੂੰ ਮੁੜਦੇ ਨੇ,
ਇਕ ਦੂਜੇ ਤੋਂ ਲੁਕਦੇ ਫਿਰੀਏ ਮੈਂ ਤੇ ਮੇਰੀ ਜ਼ਾਤ ਮੀਆਂ।

ਮੈਂ ਤਾਂ ਏਸ ਚੌਰਾਹੇ ਦੇ ਵਿਚ ਬਲਦਾ ਦੀਵਾ ਧਰ ਚੱਲਿਆਂ,
ਲਾਟ ਬਚਾਇਓ ਨੇਰ੍ਹੀ ਕੋਲੋਂ ਸਿਰ 'ਤੇ ਕਾਲੀ ਰਾਤ ਮੀਆਂ।

ਮਨ ਦੇ ਬੂਹੇ ਬਾਰੀਆਂ-79