ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਨਹੀਂ ਰਹਿਣਾ ਸੀ ਅਤੇ ਇਕ ਵਿਸ਼ੇਸ਼ ਸੰਪਰਦਾਇ (sect) ਤਕ ਸੀਮਤ ਹੋ ਜਾਣਾ ਸੀ। ਇਸ ਰਮਜ਼ੀਅਤ ਨੇ ਹੀ ਸਲਾਸਤ ਤੇ ਤੁਗ਼ਜ਼ਲ ਦਾ ਐਸਾ ਉਸਾਰ ਉਸਾਰਿਆ ਹੈ ਜੋ ਬੇਮਿਸਾਲ ਹੈ। ਸ਼ਾਇਦ ਅਜਿਹੀ ਪ੍ਰਗਟਾਅ ਵਿਧੀ ਨੂੰ ਹੀ ਗ਼ਾਲਿਬ ਨੇ 'ਸਾਦਗੀ-ਓ ਪੁਰਕਾਰੀ' ਦਾ ਕਮਾਲ ਕਿਹਾ ਹੈ। ਅਜਿਹੇ ਲੱਛਣਾਂ ਵਾਲੇ ਉਸਦੇ ਕੁਝ ਹੋਰ ਸ਼ਿਅਰ ਵੇਖੋ:
ਜਿਸਦੀ ਸ਼ੂਕਰ ਦਿੱਲੀ ਤਖ਼ਤ ਡਰਾਉਂਦੀ ਸੀ,
ਅੱਥਰਾ ਦਰਿਆ ਕਿਹੜੇ ਟਿੱਬਿਆਂ ਡੀਕ ਲਿਆ।

ਦਰਿਆ ਸ਼ਬਦ ਕਈ ਤਰ੍ਹਾਂ ਦਾ ਅਰਥਚਾਰਾ ਸੰਭਾਲੀ ਬੈਠਾ ਹੈ। ਇਹ ਦਰਿਆ ਗੁਰੂ ਤੇਗ ਬਹਾਦਰ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਤਕ, ਊਧਮ ਸਿੰਘ ਤੋਂ ਫ਼ਤਿਆਨਾ ਗ਼ਦਰੀ ਬਾਬਿਆਂ ਜਾਂ ਦੁੱਲੇ ਭੱਟੀ ਤਕ ਕੋਈ ਵੀ ਹੋ ਸਕਦਾ ਹੈ। 'ਦਰਿਆ' ਵਰਗੀ ਸ਼ਕਤੀਸ਼ਾਲੀ ਚੀਜ਼ ਨੂੰ 'ਟਿੱਬਿਆਂ' ਵਰਗੇ ਗੀਦੀ ਲੋਕਾਂ ਦਾ ਡੀਕ ਜਾਣਾ ਬਹੁਤ ਵੱਡਾ ਦੁਖਾਂਤ ਹੈ। ਇਹ ਸ਼ਿਅਰ ਪੰਜਾਬ ਦੀ ਖ਼ਤਮ ਹੋ ਰਹੀ ਮਰਦਾਨਗੀ ਬਾਰੇ ਰੁਦਨ ਵੀ ਕਿਹਾ ਜਾ ਸਕਦਾ ਹੈ ਅਤੇ ਦਿੱਲੀ ਦੇ ਦਿਨ-ਬ-ਦਿਨ ਵਧ ਰਹੇ ਦਬਦਬਾ ਤੇ ਚੌਧਰਾਹਟ (hegmony) ਦਾ ਦੁਖਾਂਤ ਵੀ ਕਿਹਾ ਜਾ ਸਕਦਾ ਹੈ। ਉਸਦਾ ਇਕ ਹੋਰ ਸ਼ਿਅਰ ਹੈ:
ਪੌਣ ਜਿਵੇਂ ਤ੍ਰਿਹਾਈ ਹੈ
ਪਾਣੀ ਪੀਵਣ ਆਈ ਹੈ।

ਇਹ ਅੱਤ ਦਾ ਸਾਧਾਰਨ ਸ਼ਿਅਰ ਹੈ ਪਰ ਇਸਦੇ ਅਰਥ ਬੜੇ ਹੀ ਗਹਿਰੇ ਹਨ।
ਵਾਸਤਵ ਵਿਚ ਹਵਾ ਗੈਸਾਂ ਦਾ ਮਿਸ਼ਰਨ ਹੈ ਜਿਸ ਵਿਚ ਆਕਸੀਜਨ (oxygen) ਨਾਈਟਰੋਜਨ (nitrogen) ਤੋਂ ਬਿਨਾਂ ਪਾਣੀ ਦੇ ਵੀ ਵਾਸ਼ਪ ਹਨ। ਹਵਾ ਹੀ ਬ੍ਰਹਿਮੰਡ ਵਿਚ ਵਾਤਾਵਰਣ ਸਿਰਜਦੀ ਹੈ। ਹਵਾ ਤੇ ਪਾਣੀ ਦਾ ਮੇਲ ਮਹਿਬੂਬ ਤੇ ਪ੍ਰੀਤਮ ਦੇ ਮਿਲਾਪ ਦੇ ਵੀ ਪ੍ਰਤੀਕ ਕਹੇ ਜਾ ਸਕਦੇ ਹਨ। ਅਜਿਹੇ ਸਾਧਾਰਨ ਬਲਕਿ ਅੱਤ ਸਾਧਾਰਨ ਸ਼ਿਅਰ ਵਿਚ ਏਡੇ ਡੂੰਘੇ ਅਰਥ ਪੈਦਾ ਕਰਨੇ ਕੋਈ ਆਸਾਨ ਕੰਮ ਨਹੀਂ।

ਉਸਦਾ ਇਕ ਹੋਰ ਪ੍ਰਤੀਕਮਈ ਸ਼ਿਅਰ ਵੇਖੋ ਜੋ ਹਾਸ਼ੀਏ ਤੇ ਪਏ ਲੋਕਾਂ ਦੇ ਦੁਖਾਂਤ ਦੀ ਤਰਜਮਾਨੀ ਕਰ ਰਿਹਾ ਹੈ।
ਮੀਂਹ ਦਾ ਪਾਣੀ ਹੜ੍ਹ ਦਾ ਪਾਣੀ ਏਥੇ ਆਣ ਖਲੋਵੇ,
ਨੀਵੀਂ ਥਾਂ ਤੇ ਉੱਗੇ ਰੁੱਖ ਨੂੰ ਡਾਢੀ ਸਖ਼ਤ ਸਜ਼ਾ।

ਉਸਦੇ ਕੁਝ ਸਾਦੇ ਤੇ ਸਾਧਾਰਨ ਸ਼ਿਅਰਾਂ ਵਿਚ ਅਸਾਧਾਰਨਤਾ ਦਾ ਕਮਾਲ ਵੇਖੋ:
ਮੈਨੂੰ ਖਿੜਦੇ ਫੁੱਲ ਕਿਹਾ,
ਵੇਖ ਮੈਂ ਤੇਰਾ ਬਚਪਨ ਹਾਂ।
ਕਰਫ਼ਿਊ ਕੈਸਾ ਮਨਾਂ ਤੇ ਬਹਿ ਗਿਆ
ਡਰਦਿਆਂ ਨਿਕਲੇ ਨਾ ਬਾਹਰ ਚੀਕ ਵੀ।

8- ਮਨ ਦੇ ਬੂਹੇ ਬਾਰੀਆਂ