ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗਲੀਆਂ ਸੁੰਨ ਮਸੁੰਨੀਆਂ ਬੂਹੇ ਚੌੜ ਚਪੱਟ।
ਪਿੱਛੇ ਉੱਡਦੀ ਧੂੜ ਹੈ ਅੱਗੇ ਮਿਰਜ਼ਾ ਜੱਟ।

ਵਗੇ ਤਰ੍ਹੀਰੀ ਖੂਨ ਦੀ ਚਿਹਰਾ ਜ਼ਰਦ ਵਸਾਰ,
ਡਾਢੀ ਔਖੀ ਝੱਲਣੀ ਯਾਰੋ ਸਿਰ ਦੀ ਸੱਟ।

ਛਿੰਜਾਂ ਵਿਚ ਬੇਰੌਣਕੀ ਕੌਡ-ਕਬੱਡੀ ਚੁੱਪ,
ਹੁਣ ਨਾ ਪੈਲਾਂ ਪੇਲਦੇ ਮੋਰਾਂ ਵਾਲੇ ਪੱਟ।

ਸੁਣ ਨੀ ਚਾਤਰ ਕੁਰਸੀਏ ਕੌਣ ਕਰੂ ਇਤਬਾਰ,
ਥੁੱਕੇਂ ਆਪ ਨਿਗੱਲੀਏ ਆਪੇ ਲਏਂ ਤੂੰ ਚੱਟ।

ਪੁੜੀਆਂ ਦੇ ਦੇ ਥੱਕ ਗਏ ਕਿੰਨੇ ਵੈਦ ਹਕੀਮ,
ਕਰਕ ਕਲੇਜੇ ਰੜਕਦੀ ਡੂੰਘੇ ਦਿਲ ਦੇ ਫੱਟ।

ਧੂਤੂ ਤੇਰੇ ਕੋਲ ਨੇ ਰੱਜ ਕੇ ਸਾਨੂੰ ਨਿੰਦ,
ਪਰ ਇਕ ਵਾਰੀ ਆਪ ਨੂੰ ਛੱਜ ਵਿਚ ਪਾ ਕੇ ਛੱਟ।

ਜੰਗਲ ਦੇ ਵਿਚ ਜੀਣ ਦਾ ਤੈਨੂੰ ਹੀ ਸੀ ਝੱਲ,
ਦਿਲ ਨ੍ਹੀਂ ਛੋਟਾ ਕਰੀਦਾ ਸਿਰ ਤੇ ਬਣੀਆਂ ਕੱਟ।

80-ਮਨ ਦੇ ਬੂਹੇ ਬਾਰੀਆਂ