ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਨਾ ਉਹ ਆਰ ਦੇ ਰਹੇ ਤੇ ਨਾ ਉਹ ਪਾਰ ਦੇ ਰਹੇ।
ਜਿਹੜੇ ਕੰਢੇ 'ਤੇ ਖਲੋਤੇ 'ਵਾਜਾਂ ਮਾਰਦੇ ਰਹੇ।

ਉਹਨਾਂ ਡੋਬੇ ਨੇ ਮੁਸਾਫਰਾਂ ਦੇ ਪੂਰ ਦਰ ਪੂਰ,
ਜਿਹੜੇ ਬੇੜੀਆਂ ਵੀ ਖ਼੍ਹਾਬਾਂ ਵਿਚ ਤਾਰਦੇ ਰਹੇ।

ਖੌਰੇ ਕਿੱਸਰਾਂ ਪਸੀਜਣੇ ਸੀ ਪੱਥਰਾਂ ਦੇ ਬੁੱਤ,
ਅਸੀਂ ਹੰਝੂਆਂ ਦੀ ਆਰਤੀ ਉਤਾਰਦੇ ਰਹੇ।

ਕਹਿਰੀ ਹਵਾ ਨੇ ਖਿੰਡਾਇਆ ਕਣ ਕਣ ਉੱਡਿਆ।
ਅਸੀਂ ਕਿਲ੍ਹੇ ਗਿੱਲੀ ਰੇਤ ਦੇ ਉਸਾਰਦੇ ਰਹੇ।

ਕਿਵੇਂ ਜ਼ਿੰਦਗੀ ਦੀ ਅੱਖ ਨਾਲ ਅੱਖ ਉਹ ਮਿਲਾਂਦੇ,
ਬਦਨੀਤ ਜੋ ਝਕਾਨੀਆਂ ਹੀ ਮਾਰਦੇ ਰਹੇ।

ਥੋੜ੍ਹੇ ਲੋਕ ਨੇ ਜੋ ਬਾਲਦੇ ਨੇ ਬੱਤੀਆਂ ਬਨੇਰੇ,
ਬਹੁਤੇ ਰਾਤ ਦੜ ਵੱਟ ਕੇ ਗੁਜ਼ਾਰਦੇ ਰਹੇ।

ਮਨ ਦੇ ਬੂਹੇ ਬਾਰੀਆਂ-81