ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੋਈਆਂ ਘੁੱਗੀਆਂ ਚੇਤੇ ਆਈਆਂ ਬਿਸਤਰ ਉਤੇ ਬਹਿੰਦੇ ਨੂੰ।
ਰਾਤ ਬਿਤਾਈ ਕੰਡਿਆਂ ਉੱਤੇ ਉਸਲਵੱਟੇ ਸਹਿੰਦੇ ਨੂੰ।

ਅੱਗ ਵੀ ਸਾੜੇ ਠੰਢ ਵੀ ਠਾਰੇ ਜੰਤ ਜਨੌਰਾਂ ਦਾ ਵੀ ਡਰ,
ਕੱਲੀ ਜਾਨ ਨੂੰ ਲੱਖਾਂ ਕਜੀਏ ਜੰਗਲ ਦੇ ਵਿਚ ਰਹਿੰਦੇ ਨੂੰ।

ਸੁਰਖ਼ਪੋਸ਼ ਇਹ ਰਮਤਾ ਜੋਗੀ ਜਦ ਦਰਿਆ ਨੂੰ ਪਾਰ ਕਰੇ,
ਏਦਾਂ ਜਾਪੇ ਜਿੱਦਾਂ ਸੂਰਜ ਲਹਿ ਚੱਲਿਆ ਹੈ ਲਹਿੰਦੇ ਨੂੰ।

ਮੁੱਕ ਜਾਵਾਂਗੇ ਬਾਂਸ ਵਰਗਿਉ, ਆਪਣੀਓਂ ਹੀ ਅੱਗ ਦੇ ਨਾਲ,
ਡੱਕਿਆ ਨਾ ਜੇ ਬਾਹਾਂ ਨੂੰ ਹੁਣ ਆਪਸ ਦੇ ਵਿਚ ਖਹਿੰਦੇ ਨੂੰ।

ਸਿੰਗਾਂ ਵਾਲੇ ਇਕ ਚਿਹਰੇ ਤੋਂ ਹਰ ਦਮ ਡਰਦਾ ਰਹਿੰਦਾ ਹਾਂ,
ਹਰ ਵੇਲੇ ਉਹ ਖ਼ੌਰੂ ਪਾਏ ਘੂਰੇ ਉੱਠਦੇ ਬਹਿੰਦੇ ਨੂੰ।

ਖ਼ਬਰਦਾਰ ਜੀ ਬਚ ਕੇ ਰਹਿਣਾ ਕੰਧਾਂ ਵਿਚ ਤਰੇੜਾਂ ਨੇ,
ਦੂਰ ਖਲੋਤੇ ਦੱਬ ਲੈਂਦੀ ਹੈ ਉੱਚੀ ਮਮਟੀ ਢਹਿੰਦੇ ਨੂੰ।

ਮੇਰੀ ਜੀਭ ਸੁਆਦਾਂ ਪਿੱਟੀ ਝੂਠ ਦਾ ਮਿੱਠਾ ਖਾਂਦੀ ਹੈ,
ਸੱਚ ਏਸ ਨੂੰ ਕੌੜਾ ਲਗਦੈ ਮਨ੍ਹਾਂ ਕਰੇ ਸੱਚ ਕਹਿੰਦੇ ਨੂੰ।

ਪਤਾ ਨਹੀਂ ਇਸ ਇਮਤਿਹਾਨ ਵਿਚ ਕਿੰਨਾ ਕੁ ਚਿਰ ਰਹਿਣਾ ਹੈ,
ਚਾਰ ਜੁੱਗ ਤਾਂ ਬੀਤ ਗਏ ਨੇ ਜ਼ੋਰ ਜਬਰ ਇਹ ਸਹਿੰਦੇ ਨੂੰ।

ਮਨ ਦੇ ਬੂਹੇ ਬਾਰੀਆਂ - 83