ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦੂਰ ਖੜ੍ਹਾ ਨਾ ਤੂੰ ਨਦੀ ਦੇ ਕਿਨਾਰਿਆਂ ਨੂੰ ਵੇਖ।
'ਵਾਜਾਂ ਮਾਰਦੀਆਂ ਲਹਿਰਾਂ ਦੇ ਇਸ਼ਾਰਿਆਂ ਨੂੰ ਵੇਖ।

ਮੋਰ ਲੂਸ ਗਏ ਪਰਿੰਦਿਆਂ ਦੇ ਖੰਭ ਖਿੰਡ ਗਏ,
ਮੇਘ ਮੰਗਦੇ ਸਾਂ ਮਿਲ ਗਏ ਅੰਗਾਰਿਆਂ ਨੂੰ ਵੇਖ।

ਵੇਖ ਸੱਥਰਾਂ ਦੇ ਨਾਲ ਕਿਵੇਂ ਭਰੇ ਸ਼ਮਸ਼ਾਨ,
ਕਿਵੇਂ ਰਾਤ ਦਿਨ ਚੀਰਦੇ ਨੇ ਆਰਿਆਂ ਨੂੰ ਵੇਖ।

ਐਵੇਂ ਰਾਤ ਦੀ ਉਡੀਕ ’ਚ ਨਾ ਚੁੱਪ ਕੀਤਾ ਬੈਠ,
ਇਹਨਾਂ ਦਿਨ ਦੀਵੀਂ ਚੜ੍ਹੇ ਚੰਨ-ਤਾਰਿਆਂ ਨੂੰ ਵੇਖ

ਐਵੇਂ ਮੂਧੜੇ ਮੂੰਹ ਡਿੱਗੀ ਜਾਨੈਂ ਵੇਖ ਕੇ ਮੁਨਾਰੇ,
ਕੋਲ ਵੱਸਦੇ ਨੇ ਜਿਹੜੇ ਛੰਨਾਂ ਢਾਰਿਆਂ ਨੂੰ ਵੇਖ।

ਤੈਨੂੰ ਸੁਣਦੇ ਸਾਂ ਬਾਤ ਨੂੰ ਮੁਕਾ ਕੇ ਬਹਿ ਗਿਆਂ,
ਜਿਹੜੇ ਜਾਗਦੇ ਨੇ ਉਹਨਾਂ ਦੇ ਹੁੰਗਾਰਿਆਂ ਨੂੰ ਵੇਖ।

ਸਮਤੋਲ ਵਿਚ ਪੈਰ ਤਾਹੀਉਂ ਅੱਗੇ ਅੱਗੇ ਜਾਣੇ,
ਕਦੇ ਜਿੱਤਿਆਂ ਨੂੰ ਵੇਖ ਕਦੇ ਹਾਰਿਆਂ ਨੂੰ ਵੇਖ।

ਜਿਹੜੇ 'ਨ੍ਹੇਰੀਆਂ' 'ਚ ਬਾਲਦੇ ਨੇ ਦੀਵਿਆਂ ਦੀ ਪਾਲ,
ਤੇਰੇ ਆਪਣੇ ਨੇ ਮਿੱਤਰਾਂ ਪਿਆਰਿਆਂ ਨੂੰ ਵੇਖ।

84-ਮਨ ਦੇ ਬੂਹੇ ਬਾਰੀਆਂ