ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਰੁੱਖਾਂ ਨੂੰ ਆਰੀ ਫੇਰ ਨਾ ਡਿੱਗਣਗੇ ਆਲ੍ਹਣੇ,
ਚਿੜੀਆਂ ਨੇ ਫੇਰ ਕਿਸ ਜਗ੍ਹਾ ਨੇ ਬੋਟ ਪਾਲਣੇ?

ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ,
ਸਾਡੇ ਹੀ ਪੁੱਤ ਵੀਰ ਉਸ ਚੁੱਲ੍ਹੇ 'ਚ ਬਾਲਣੇ।

ਤੇਰੀ ਬੁਝੇਗੀ ਪਿਆਸ ਹੁਣ ਕਿੰਨੇ ਕੁ ਖ਼ੂਨ ਨਾਲ,
ਦੱਸ ਦੇ ਜ਼ਰਾ ਕੁ ਦਿੱਲੀਏ ਨੀ ਬਾਰਾਂ ਤਾਲਣੇ।

ਤੇਰੇ ਬਗੈਰ ਹੋਰ ਤੋਂ ਖ਼ਤਰਾ ਨਾ ਬਾਗ਼ ਨੂੰ,
ਤੂੰਹੀਓਂ ਹੀ ਫਿਰਦੀ ਤੋੜਦੀ ਫੁੱਲਾਂ ਨੂੰ ਮਾਲਣੇ।

ਇਹ ਮਾਸਖੋਰੇ ਜਿੰਨ੍ਹਾਂ ਨੇ ਖਾਧੇ ਨੇ ਕਾਫ਼ਲੇ,
ਸੰਗਲ ਦੇ ਨਾਲ ਹੋਣਗੇ ਮੁਸ਼ਕਿਲ ਸੰਭਾਲਣੇ।

ਕਾਲੀ ਹਵਾ ਵੀ ਕਮਰਿਆਂ ਵਿਚ ਜਾਣਾ ਲੋਚਦੀ,
ਔਖੇ ਨੇ ਸੂਰਜ ਛਿਪਦਿਆਂ ਹੁਣ 'ਨ੍ਹੇਰ ਟਾਲਣੇ।

ਲੱਭਾਂਗੇ ਸੂਰਜ ਮਘ ਰਿਹਾ ਗੁੰਮਿਆ ਗੁਆਚਿਆ,
ਭਾਵੇਂ ਅਸਾਂ ਨੂੰ ਪੈਣ ਹੁਣ ਸਾਗਰ ਹੰਗਾਲਣੇ।

ਮਨ ਦੇ ਬੂਹੇ ਬਾਰੀਆਂ-89