ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦਿਨ ਪਿੱਛੋਂ ਅਗ ਦਾ ਸੇਕ ਹੈ ਮੇਰਾ ਪਿੰਡਾ ਸਾੜ ਰਿਹਾ,
ਜਿਸ ਦਿਨ ਦਾ ਮੈਂ ਇਸ ਵਿਚ ਸੜਦਾ ਸੁਰਖ਼ ਗੁਲਾਬ ਹੈ ਦੇਖ ਲਿਆ।
ਗੁਰਭਜਨ ਗਿੱਲ ਨੂੰ ਜਿੱਥੇ ਕਦਮ ਕਦਮ 'ਤੇ ਨਪੀੜੇ ਜਾ ਰਹੇ ਆਮ ਜਨਜੀਵਨ ਦਾ ਦੁੱਖ ਹੈ ਉਥੇ ਦੇਸ਼ ਦੀ ਵੰਡ ਦਾ ਵੀ ਬੜਾ ਦੁੱਖ ਹੈ, ਬਲਕਿ ਜ਼ਿਹਨੀ ਤੌਰ 'ਤੇ ਉਹ ਵੰਡ ਨੂੰ ਸਵੀਕਾਰਨ ਲਈ ਤਿਆਰ ਨਹੀਂ।
ਬਾਬਾ ਨਾਨਕ ਤੇ ਮਰਦਾਨਾ ਜੋਟੀਦਾਰ ਪੁਰਾਣੇ,
ਚੁਸਤ ਮਜ਼ੌਰਾਂ ਵੱਖਰੇ ਕੀਤੇ, ਬਾਣੀ ਅਤੇ ਰਬਾਬ।

ਸਤਲੁਜ ਤੇ ਰਾਵੀ ਵਿਚ ਡੁੱਬੀਆਂ ਹੇਕਾਂ, ਕੂਕਾਂ, ਚੀਕਾਂ,
ਹੰਝੂਆਂ ਨਾਲ ਬਿਆਸਾ ਭਰਿਆ, ਨੱਕੋ ਨਕ ਚਨਾਬ।

ਇਹ ਉੱਚੀ ਪੱਗ ਲੰਮੀ ਧੌਣ ਦੇ ਹੀ ਕਾਰਨੇ ਹੋਇਐ,
ਅਸਾਨੂੰ ਚੀਰਿਆ ਸ਼ੈਤਾਨ ਨੇ ਹੀ ਦੋ ਪੰਜਾਬਾਂ ਵਿਚ।

ਗੁੜ ਦੇ ਚੌਲ, ਨਿਆਜ਼ ਖਾਣ ਨੂੰ ਤਰਸੇ ਹਾਂ,
ਸਾਡੇ ਪਿੰਡ 'ਚੋਂ ਢਹਿ ਗਏ ਤਕੀਏ ਪੀਰਾਂ ਦੇ।
ਗੁਰਭਜਨ ਗਿੱਲ ਦੀ ਸ਼ਾਇਰੀ ਦੀ ਇਕ ਹੋਰ ਵਿਸ਼ੇਸ਼ਤਾ ਹੈ ਮਰ ਰਹੀਆਂ ਰਹੁ-ਰੀਤਾਂ, ਲੋਕ-ਕਾਵਿ ਮੁਹਾਵਰੇ, ਲੋਪ ਹੋ ਰਹੇ ਸ਼ਬਦ ਭੰਡਾਰ ਦੀ ਪੁਨਰ ਸੁਰਜੀਤੀ ਅਤੇ ਜੀਵਤ ਪ੍ਰੰਪਰਾਈ ਰੰਗਾਂ ਨੂੰ ਵਰਤਮਾਨਿਕ-ਮਾਹੌਲ ਨਾਲ ਜੋੜਨ ਦੀ ਕੋਸ਼ਿਸ਼। ਇਹ ਕੋਸ਼ਿਸ਼ ਹੀ ਉਸਦੇ ਗ਼ਜ਼ਲ ਕਾਵਿ ਨੂੰ ਪੰਜਾਬੀ ਦੇ ਕੁੱਲ ਗ਼ਜ਼ਲ ਕਾਵਿ ਤੋਂ ਵਖਰਿਆਉਂਦੀ ਹੈ। ਇਸਦੇ ਢੇਰਾਂ ਪ੍ਰਮਾਣ ਉਸਦੀਆਂ ਗ਼ਜ਼ਲਾਂ ਵਿਚੋਂ ਦਿੱਤੇ ਜਾ ਸਕਦੇ ਹਨ।
ਇਹ ਵਿਗਿਆਨਕ ਅਤੇ ਕਾਵਿਕ-ਸੱਚ ਹੈ ਕਿਸੇ ਕਿਸੇ ਗ਼ਜ਼ਲ ਦਾ ਮੁਕੱਦਰ ਹੀ ਅਜਿਹਾ ਹੁੰਦਾ ਹੈ ਕਿ ਉਸ ਵਿਚ ਭਰਤੀ ਦਾ ਕੋਈ ਸ਼ਿਅਰ ਨਾ ਹੋਵੇ। ਪਰ ਗੁਰਭਜਨ ਗਿੱਲ ਦੀਆਂ ਕੁਝ ਇਕ ਗ਼ਜ਼ਲਾਂ ਵਿਚ ਇਹ ਗੁਣ ਵੀ ਵਿਦਮਾਨ ਹੈ। ਇਕ ਪ੍ਰਮਾਣ ਵੇਖੋ:
ਯਤਨ ਕਰਾਂਗਾ ਮੱਥੇ ਵਿਚਲੀ, ਬਲਦੀ ਅੱਗ ਨੂੰ ਠਾਰ ਦਿਆਂ।
ਆਪਣੇ ਵਿਚਲਾ ਅੱਥਰਾ ਘੋੜਾ ਮਾਰ ਮਾਰ ਕੇ ਮਾਰ ਦਿਆਂ।
ਪੂਰੀ ਗ਼ਜ਼ਲ ਸਫ਼ਾ 50 ਤੇ ਪੜ੍ਹੋ। ਇਹ ਗ਼ਜ਼ਲ ਬੜੀ ਸਫ਼ਲ ਮਰੱਸਾ ਗ਼ਜ਼ਲ ਹੈ।
ਪਰ ਇਹ ਵੀ ਨਹੀਂ ਕਿ ਉਸਦੀ ਸਾਰੀ ਸ਼ਾਇਰੀ ਫ਼ਿਕਰ (concrn) ਦੀ ਸ਼ਾਇਰੀ ਹੈ। ਉਸਦੀ ਸ਼ਾਇਰੀ ਦਾ ਅਜਿਹਾ ਪ੍ਰਗਟਾਵਾ ਵੀ ਸਹਿਜੇ ਹੀ ਮਿਲ ਜਾਂਦਾ ਹੈ ਜੋ ਜ਼ਿਕਰ ਤਕ ਹੀ ਮਹਿਦੂਦ ਹੈ।

ਮਨ ਦੇ ਬੂਹੇ ਬਾਰੀਆਂ- 9