ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਰ ਗਿਆਂ ਜਦ ਰਾਤ ਪੈਣ ਤੇ ਘਰ ਦਾ ਚੇਤਾ ਆਵੇਗਾ।
ਵੇਖ ਲਵੀਂ ਤੂੰ ਗਾਉਂਦਾ ਪੰਛੀ ਟਾਹਣੀ ਫੜ ਕੁਰਲਾਵੇਗਾ।

ਸਿਖ਼ਰ ਦੁਪਹਿਰੇ ਸਾਡੇ ਪਿੰਡ ਨੂੰ ਕਾਲੀ ਚਾਦਰ ਢੱਕ ਲਿਆ,
ਲਗਦਾ ਨਹੀਂ ਸੀ ਬੱਦਲੀ ਓਹਲੇ ਇੰਵ ਸੂਰਜ ਲੁਕ ਜਾਵੇਗਾ।

ਬਲਦੇ ਜੰਗਲ ਦੇ ਵਿਚ ਜਦ ਵੀ ਤੇਰੇ ਅਪਣੇ ਬੋਟ ਸੜੇ,
ਤੈਨੂੰ ਫੇਰ ਬਸੰਤਰ ਦਾਸਾ ਪਾਣੀ ਚੇਤੇ ਆਵੇਗਾ।

ਉਮਰਾਂ ਜਿੱਡਾ ਲੰਮਾ ਹੌਕਾ ਧਰਤੀ ਮਾਂ ਨੇ ਭਰਿਆ ਹੈ,
ਪਤਾ ਨਹੀਂ ਕਦ ਸੇਕ ਏਸ ਦਾ ਪੱਥਰਾਂ ਨੂੰ ਪਿਘਲਾਵੇਗਾ।

ਤੇਜ਼ਾਬੀ ਬਰਸਾਤ 'ਚ ਪੱਤੇ ਬੂਟੇ ਹੀ ਨਹੀਂ ਝੁਲਸਣਗੇ,
ਗਰਭ-ਜੂਨ ਵਿਚ ਪਲਦਾ ਫੁੱਲ ਵੀ ਵੇਖ ਲਈਂ ਸੁੱਕ ਜਾਵੇਗਾ।

ਉਡਣੇ ਪੁਡਣੇ ਮਿਤ ਨਾ ਹੁੰਦੇ ਵੇਖ ਲਵੀਂ ਤੂੰ ਮਾਂਦਰੀਆ,
ਜਿਸ ਨੂੰ ਅੱਜ ਤੂੰ ਦੁੱਧ ਪਿਲਾਵੇਂ, ਤੈਨੂੰ ਹੀ ਡੰਗ ਜਾਵੇਗਾ।

ਪਤਾ ਨਹੀਂ ਸੀ ਖੇਡ ਖੇਡ ਵਿਚ ਏਥੋਂ ਤੱਕ ਜਾ ਪਹੁੰਚਾਂਗੇ,
ਸਾਜ਼ਾਂ ਨੂੰ ਆਵਾਜ਼ ਸਣੇ ਹੀ ਸਰਪ ਜਿਹਾ ਸੁੰਘ ਜਾਵੇਗਾ।

ਮਨ ਦੇ ਬੂਹੇ ਬਾਰੀਆਂ-91