ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਉਭੜ ਖਾਭੜ ਸੜਕਾਂ ਉੱਤੇ ਲੱਗ ਰਹੇ ਹਿਚਕੋਲੇ।
ਪੋਟਲੀਆਂ 'ਚੋਂ ਕਿਰਦੇ ਜਾਂਦੇ ਗੁੱਡੀਆਂ ਅਤੇ ਪਟੋਲੇ।

ਸ਼ਾਮ ਢਲੇ ਹੀ ਬੇਵਿਸ਼ਵਾਸੀ ਚਾਰ-ਚੁਫ਼ੇਰਿਓ ਘੇਰੇ,
ਥਾਲੀ ਵਿਚਲੇ ਪਾਣੀ ਵਾਂਗੂੰ ਹਰ ਪਲ ਮਨੂਆ ਡੋਲੇ।

ਪੂਰਨਿਆਂ ਤੇ ਪੋਚਾ ਫਿਰਿਆ ਅੱਖਰ ਕਿਤੇ ਗੁਆਚੇ,
ਅਨਪੜ੍ਹ ਲੋਕਾਂ ਵਾਂਗੂੰ ਵਾਹਾਂ ਐਵੇ ਘੀਚ-ਮਚੋਲੇ।

ਮੋਇਆਂ ਦੀ ਬਸਤੀ ਵਿਚ ਦਸਤਕ ਦੇਵਾਂ ਤਾਂ ਕਿੰਞ ਦੇਵਾਂ,
ਆਸ ਨਹੀਂ ਹੈ ਮੁਰਦਾ ਜਾਗੇ ਉੱਠੇ ਕੁੰਡਾ ਖੋਲ੍ਹੇ।

ਮੰਦੀਆਂ ਖਬਰਾਂ ਕੱਠੀਆਂ ਕਰਕੇ ਭਰ ਜਾਂਦੇ ਨੇ ਵਿਹੜਾ,
ਮਨ ਦੀ ਛਤਰੀ ਉੱਤੇ ਬਹਿੰਦੇ ਆਣ ਕਬੂਤਰ ਗੋਲੇ।

ਉੱਚੇ ਨੀਵੇਂ ਛਾਬੇ ਇਸਦੇ ਗੌਰ ਨਾਲ ਤਾਂ ਵੇਖੋ,
ਬਾਂਦਰ ਹੱਥ ਤਰਾਜੂ ਦੱਸੋ ਕਿੱਦਾਂ ਪੂਰਾ ਤੋਲੇ।

ਸਾਡੇ ਖ਼ੂਨ 'ਚ ਲਥਪਥ ਹੋਈ ਸਰਬ ਸਮੇਂ ਦੀ ਪੋਥੀ,
ਹਰ ਥਾਂ ਲਿਸ਼ਕੇ ਸੁਰਖ਼ ਇਬਾਰਤ ਜਿੰਨੇ ਵਰਕੇ ਫੋਲੇ।

ਮਨ ਦੇ ਬੂਹੇ ਬਾਰੀਆਂ-93