ਇਹ ਵਰਕਾ ਤਸਦੀਕ ਕੀਤਾ ਗਿਆ ਏ
ਜਗ ਰਹੇ ਜੁਗਨੂੰ ਨੇ ਜਿਹੜੇ ਰਾਤ ਨੂੰ।
ਖ਼ਾਕ ਦੇ ਵਿਚ ਮਿਲਣਗੇ ਪ੍ਰਭਾਤ ਨੂੰ।
ਕੀ ਪਤਾ ਸੀ ਮਾਰੂਥਲ ਪੀ ਜਾਣਗੇ,
ਹੰਝੂਆਂ ਦੀ ਹੋ ਰਹੀ ਬਰਸਾਤ ਨੂੰ।
ਪੱਥਰਾਂ ਦੇ ਸ਼ਹਿਰ ਪੱਥਰ ਹੋ ਗਿਆਂ,
ਦੁਖ ਸੁਖ ਪੋਂਹਦਾ ਨਾ ਹੁਣ ਜਜ਼ਬਾਤ ਨੂੰ।
ਤੂੰ ਮੇਰੇ ਸਾਹਾਂ 'ਚ ਘੁਲ ਜਾ ਇਸ ਤਰ੍ਹਾਂ,
ਰਾਤ ਰਾਣੀ ਮਹਿਕਦੀ ਜਿਉਂ ਰਾਤ ਨੂੰ।
ਤੂੰ ਹੁੰਗਾਰਾ ਭਰਦੀ ਭਰਦੀ ਸੌਂ ਗਈ,
ਮੈਂ ਮੁਕਾਵਾਂ ਕਿਸ ਤਰ੍ਹਾਂ ਹੁਣ ਬਾਤ ਨੂੰ।
ਚਾਰ ਦੀਵਾਰੀ 'ਚ ਮੇਰਾ ਬਸਰ ਨਾ,
ਲੈ ਰਿਹਾਂ ਬਾਹਾਂ 'ਚ ਕਾਇਨਾਤ ਨੂੰ।
ਅੱਗ ਦੇ ਅੰਗਾਰਿਆਂ 'ਤੇ ਤੁਰ ਰਿਹਾਂ,
ਬੈਠ ਰਹਿਣਾ ਮਿਹਣਾ ਮੇਰੀ ਜ਼ਾਤ ਨੂੰ।
94- ਮਨ ਦੇ ਬੂਹੇ ਬਾਰੀਆਂ