ਇਹ ਵਰਕਾ ਤਸਦੀਕ ਕੀਤਾ ਗਿਆ ਏ
ਯਾਰੀ ਪਾਉਂਦੇ ਜੇ ਨਾ ਰੰਗਲੇ ਗੁਬਾਰਿਆਂ ਦੇ ਨਾਲ।
ਸਾਡੀ ਨਿਭ ਜਾਂਦੀ ਦੋਸਤੀ ਅੰਗਾਰਿਆਂ ਦੇ ਨਾਲ।
ਅਸੀਂ ਤੇਰੇ ਵਾਂਗ ਅੰਬਰਾਂ ਨੂੰ ਸੀਗਾ ਚੁੰਮ ਲੈਣਾ,
ਰਲ਼ ਜਾਂਵਦੇ ਜੇ ਪੀਂਘ ਦੇ ਹੁਲਾਰਿਆਂ ਦੇ ਨਾਲ।
ਅਸੀਂ ਵੱਖ ਤੁਸੀਂ ਵੱਖ ਸਾਡੀ ਮਿਲਦੀ ਨਾ ਅੱਖ,
ਕਦੋਂ ਯਾਰੀਆਂ ਪੁਗਾਈਆ ਮਹਿਲਾਂ ਢਾਰਿਆਂ ਦੇ ਨਾਲ।
ਤੁਸੀਂ ਗੂੰਗਿਆਂ ਦੇ ਵਾਂਗ ਚੁੱਪ-ਚਾਪ ਬੈਠ ਗਏ,
ਬਾਤ ਤੁਰਨੀ ਹੈ ਅੱਗੇ ਤਾਂ ਹੁੰਗਾਰਿਆਂ ਦੇ ਨਾਲ।
ਸਾਨੂੰ ਧਰਤੀ ਦੇ ਮਾਲ ਤੇ ਖ਼ਜ਼ਾਨਿਆਂ ਤੋਂ ਵੱਧ,
ਜਿਹੜੀ ਘੜੀ ਲੰਘੇ ਸੱਜਣਾਂ-ਪਿਆਰਿਆਂ ਦੇ ਨਾਲ।
ਸਾਨੂੰ ਤਲਖ਼ ਹਕੀਕਤਾਂ ਨੇ ਇਹੀ ਸਮਝਾਇਆ,
ਕਦੇ ਜ਼ਿੰਦਗੀ ਨਾ ਤੁਰੇ ਮਿੱਠੇ ਲਾਰਿਆਂ ਦੇ ਨਾਲ।
ਗੂੰਗੇ ਬੋਲੇ ਨੂੰ ਕੀ ਸਾਡੀਆਂ ਮੁਸੀਬਤਾਂ ਦੀ ਸਾਰ,
ਜਿਹੜਾ ਆਪ ਗੱਲਾਂ ਕਰਦੈ ਇਸ਼ਾਰਿਆਂ ਦੇ ਨਾਲ।
ਮਨ ਦੇ ਬੂਹੇ ਬਾਰੀਆਂ -95