ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੰਦ ਕਰੋ ਦਰਵਾਜ਼ੇ ਸਾਰੇ ਭੇੜੋ ਬੂਹੇ ਬਾਰੀਆਂ।
ਅੰਨ੍ਹੀ ਨ੍ਹੇਰੀ ਭੱਜੀ ਆਉਂਦੀ ਮਾਰ ਮਾਰ ਕਿਲਕਾਰੀਆਂ।

ਇਕੋ ਬੰਦਾ ਮਰਿਆਂ ਜਿੱਥੇ ਸੁਰਖ਼ ਹਨੇਰੀ ਆਉਂਦੀ ਸੀ,
ਅੱਜ ਹਰ ਚੌਂਕ ਚੁਰਸਤੇ ਭਾਵੇਂ ਲਾ ਲਉ ਖ਼ੂਨ 'ਚ ਤਾਰੀਆਂ।

ਹਿੱਕ ਤੇ ਭਾਰ ਜਿਹਾ ਹੈ ਨਾਲੇ ਜੀਭ ਤਾਲੂਏ ਜੁੜ ਗਈ ਸੀ,
ਮੇਰਾ ਨਾਮ ਪੁਕਾਰ ਕੇ ਕਿਸਨੇ ਰਾਤੀਂ 'ਵਾਜਾਂ ਮਾਰੀਆਂ।

ਗਰਦ ਗੁਬਾਰ ਹਨੇਰਾ ਮਨ ਤੇ ਕਾਠੀ ਪਾ ਕੇ ਬੈਠਾ ਹੈ,
ਨਿੱਕੀਆਂ ਨਿੱਕੀਆਂ ਸੋਚਾਂ ਲੱਗਣ ਪਰਬਤ ਨਾਲੋਂ ਭਾਰੀਆਂ।

ਧੂੜ ਲਪੇਟੇ ਰਾਹਾਂ ਦੇ ਵਿਚ ਕਿੰਨੇ ਯਾਰ ਗੁਆਚ ਗਏ,
ਖਾ ਗਈਆਂ ਨੇ ਸੂਹੇ ਸੁਪਨੇ ਮਿੱਟੀ ਰੰਗੀਆਂ ਲਾਰੀਆਂ।

ਉਹ ਵੀ ਇਕ ਦਿਨ ਘਰ ਦੀ ਨੁੱਕਰੇ ਸਿਰ ਤੇ ਛੱਤਾਂ ਮੰਗਣਗੇ,
ਹੁਣ ਤਕ ਉਮਰ ਲੰਘਾਈ ਜਿੰਨ੍ਹਾਂ ਕਰ ਕਰ ਪਹਿਰੇਦਾਰੀਆਂ।

ਖੁਸ਼ਬੂ ਹੱਦਾਂ ਬੰਨੇ ਟੱਪ ਕੇ ਦੂਰ ਦੂਰ ਤਕ ਜਾਵੇਗੀ
ਕਿਹੜੀ ਤਾਕਤ ਰੋਕੂ ਇਸ ਨੂੰ ਕਰਕੇ ਚਾਰ ਦੀਵਾਰੀਆਂ।

96-ਮਨ ਦੇ ਬੂਹੇ ਬਾਰੀਆਂ