ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਟਾਲਾ (ਗੁਰਦਾਸਪੁਰ) ਇਲਾਕੇ 'ਚ ਪੂਰੀ ਚੜ੍ਹਤ ਸੀ। ਘਰ ਵਿੱਚ ਵੱਡੇ ਵੀਰਾਂ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋ. ਸੁਖਵੰਤ ਸਿੰਘ ਗਿੱਲ ਸਦਕਾ ਮਾਸਿਕ ਪੱਤਰ ਪ੍ਰੀਤਲੜੀ, ਦੇਸ਼ ਭਗਤ ਯਾਦਾਂ ਤੇ ਕੌਮੀ ਲਹਿਰ ਤੋਂ ਇਲਾਵਾ ਰੋਜ਼ਾਨਾ 'ਅਜੀਤ' ਅਖ਼ਬਾਰ ਦਾ ਐਤਵਾਰੀ ਅੰਕ ਡਾਕ ਰਾਹੀਂ ਸਾਰੇ ਘਰ ਆਉਂਦਾ ਸੀ।

ਮੇਰੇ ਦੋਵੇਂ ਵੱਡੇ ਵੀਰ ਲਾਇਲਪੁਰ ਖਾਲਸਾ ਕਾਲਜ ਜਲੰਧਰ ਪੜ੍ਹਦਿਆਂ ਉੱਥੋਂ ਦੀ ਅਗਾਂਹਵਧੂ ਸੰਸਥਾ ਯੁਵਕ ਕੇਂਦਰ ਦੇ ਉੱਘੇ ਕਾਰਕੁਨ ਸਨ। ਉਨ੍ਹਾਂ ਰਾਹੀਂ ਮੇਲ ਜੋਲ ਕਾਰਨ ਕਈ ਲੇਖਕਾਂ, ਕਲਾਕਾਰਾਂ ਤੇ ਚਿੰਤਕਾਂ ਨਾਲ ਮਗਰੋਂ ਹੋਈਆਂ ਮੁਲਾਕਾਤਾਂ ਨੇ ਸ਼ਬਦ ਸਭਿਆਚਾਰ ਨਾਲ ਜੋੜਿਆ।

ਮੇਰਾ ਪਿੰਡ ਬਸੰਤਕੋਟ (ਗੁਰਦਾਸਪੁਰ) ਬੜਾ ਹੀ ਸ਼ਾਂਤ ਸੁਭਾਅ ਵਾਲਾ ਨਿੱਕਾ ਜਿਹਾ ਪਿੰਡ ਹੈ ਪਰ ਗੁਆਂਢੀ ਕਸਬਾ ਧਿਆਨਪੁਰ 'ਚ ਜਨਮੇ ਚੰਡੀਗੜ੍ਹ ਰਹਿੰਦੇ ਸ੍ਵ. ਭੂਸ਼ਨ ਧਿਆਨਪੁਰੀ, ਗੁਰੂ ਨਾਨਕ ਕਾਲਜ ਕਾਲਾ ਅਫ਼ਗਾਨਾ (ਗੁਰਦਾਸਪੁਰ) 'ਚ ਪੜ੍ਹਨ ਵੇਲੇ ਪੰਜਾਬੀ ਕਵੀ ਪ੍ਰੋ. ਸੁਰਿੰਦਰ ਗਿੱਲ ਨੇ ਚੰਗਾ ਪੜ੍ਹਨ ਦੀ ਸੇਧ ਬਖ਼ਸ਼ੀ। ਇੰਝ ਹੀ ਪੜ੍ਹਨ ਤੋਂ ਲਿਖਣ ਦਾ ਕਾਰਜ ਸ਼ੁਰੂ ਹੋ ਗਿਆ, 1971 'ਚ ਜਦ ਮੈਂ ਲੁਧਿਆਣੇ ਪੜ੍ਹਨ ਆਇਆ ਤਾਂ ਡਾ. ਐੱਸ.ਪੀ. ਸਿੰਘ ਜੀ ਨੇ ਸਿਲਸਿਲੇ ਵਾਰ ਸੇਧ ਦੇਣ ਵਿੱਚ ਵੱਡਾ ਹਿੱਸਾ ਪਾਇਆ। ਉਹ ਮੇਰੇ ਜੀ.ਜੀ.ਐੱਨ. ਖਾਲਸਾ ਕਾਲਜ ਲੁਧਿਆਣਾ ਵਿੱਚ ਪੰਜਾਬੀ ਦੇ ਪ੍ਰੋਫੈਸਰ ਸਨ ਤੇ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ। ਮੇਰੇ ਮਿੱਤਰ ਸ਼ਮਸ਼ੇਰ ਸਿੰਘ ਸੰਧੂ ਤੇ ਬਾਕੀ ਮਿੱਤਰਾਂ ਕੋਲ ਪ੍ਰਿੰ: ਤਖ਼ਤ ਸਿੰਘ, ਪ੍ਰੋ. ਦੀਦਾਰ ਸਿੰਘ, ਮੋਹਨਜੀਤ, ਡਾ. ਰਣਧੀਰ ਸਿੰਘ ਚੰਦ, ਪਾਸ਼, ਹਰਭਜਨ ਹਲਵਾਰਵੀ, ਸੁਰਜੀਤ ਪਾਤਰ, ਪੁਰਦਮਨ ਸਿੰਘ ਬੇਦੀ, ਕੁਲਵੰਤ ਜਗਰਾਉਂ, ਸਰਵਨ ਰਾਹੀ ਤੇ ਪ੍ਰਮਿੰਦਰਜੀਤ ਅਕਸਰ ਆਉਂਦੇ-ਜਾਂਦੇ ਸਨ। ਹੌਲੀ-ਹੌਲੀ ਇਹ ਸਾਹਿਤ ਮਾਰਗ ਪਸੰਦੀਦਾ ਬਣ ਗਿਆ।

ਜਦੋਂ ਤੁਸੀਂ ਗਜ਼ਲ ਲਿਖਣੀ ਸ਼ੁਰੂ ਕੀਤੀ, ਉਦੋਂ ਕਿਹੜੇ-ਕਿਹੜੇ ਗਜ਼ਲਕਾਰ ਸਰਗਰਮ ਸਨ?

-ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਉਦੋਂ ਪ੍ਰਿੰਸੀਪਲ ਤਖ਼ਤ ਸਿੰਘ, ਦੀਪਕ ਜੈਤੋਈ, ਠਾਕੁਰ ਭਾਰਤੀ, ਡਾ. ਸਾਧੂ ਸਿੰਘ ਹਮਦਰਦ ਤੇ ਡਾ. ਜਗਤਾਰ ਪੰਜਾਬੀ ਗ਼ਜ਼ਲ ਵਿਕਾਸ ਲਈ ਸਰਗਰਮ ਸਨ। ਇਨ੍ਹਾਂ ਤੋਂ ਵੱਖ ਡਾ. ਰਣਧੀਰ ਸਿੰਘ ਚੰਦ, ਗੁਰਦੇਵ ਨਿਰਧਨ ਦੇ ਨਾਲ-ਨਾਲ ਕੰਵਰ ਚੌਹਾਨ ਵਰਗੇ ਗ਼ਜ਼ਲ ਵਿਧਾਨ ਭੇਤੀ ਸਰਗਰਮ ਸਨ।

ਮੇਰੀ ਪਸੰਦ ਦੇ ਸ਼ਾਇਰ ਪ੍ਰਿੰਸੀਪਲ ਤਖ਼ਤ ਸਿੰਘ, ਡਾ. ਜਗਤਾਰ, ਕੰਵਰ

ਮਨ ਪਰਦੇਸੀ / 10