ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਿੰਗੇ ਵਸਤਰ, ਸੋਨਾ, ਗਹਿਣੇ, ਰੰਗ ਬਰੰਗਾ ਜਾਲ ਕੁੜੇ।
ਕਿੱਥੇ ਉਲਝੀ ਨਜ਼ਰ ਨੂਰਾਨੀ,ਭੁੱਲ ਗਈ ਅਸਲੀ ਚਾਲ ਕੁੜੇ।

ਸੱਚ ਦੇ ਨਾਲ ਦੂਰ ਦਾ ਰਿਸ਼ਤਾ, ਤਨ ਦਾ ਵੀ ਤੇ ਮਨ ਦਾ ਵੀ,
ਸਿਰਫ਼ ਇਕੱਲ੍ਹ ਜੀਭ ਕਰੇ ਕਿੰਜ, ਨਦਰੀ ਨਦਰਿ ਨਿਹਾਲ ਕੁੜੇ।

ਨਰਮੇ ਪਿੱਛੋਂ ਬਾਸਮਤੀ ਤੇ ਉਸ ਤੋਂ ਮਗਰੋਂ ਘਰ ਦੇ ਜੀਅ,
ਮੰਡੀ ਦੇ ਵਿੱਚ ਰੁਲਦਾ ਫਿਰਦਾ, ਸਾਡਾ ਮਹਿੰਗਾ ਮਾਲ ਕੁੜੇ।

ਨਾਗਣੀਆਂ ਤੇ ਸਰਪ ਖੜੱਪੇ, ਵੇਖ ਕਿਵੇਂ ਨੰੂ ਕਾਰਨ ਪਏ,
ਬੀਨਾਂ ਵਾਲੇ ਜੋਗੀ ਵੀ ਹੁਣ, ਰਲ ਗਏ ਇਨ੍ਹਾਂ ਨਾਲ ਕੁੜੇ।

ਮੰਡੀ ਦੇ ਵਿੱਚ ਧਰ ਕੇ ਵੇਚਣ, ਧਰਮ ਸਿਆਸਤ ਇੱਕੋ ਭਾਅ,
ਸਾਨੂੰ ਆਖਣ ਪੈ ਚੱਲਿਆ ਏ, ਸ਼ਰਮ ਸ਼ਰ੍ਹਾਂ ਦਾ ਕਾਲ ਕੁੜੇ।

ਬਾਗਬਾਨ ਬਦਨੀਤ ਹੋ ਗਏ , ਧਰਮੀ ਬਾਬਲ ਡੋਲ ਗਏ ,
ਚੋਰ ਲੁਟੇਰੇ ਮੱਲ ਕੇ ਬਹਿ ਗਏ, ਹਰ ਪੱਤੀ ਹਰ ਡਾਲ ਕੁੜੇ।

ਧੌਲ ਧਰਮ ਦੇ ਸਿਰ ਤੋਂ ਧਰਤੀ, ਡੋਲ ਰਹੀ ਮਹਿਸੂਸ ਕਰਾਂ,
ਬਾਬਰਵਾਣੀ ਫਿਰ ਗਈ ਤਾਂਹੀਉਂ, ਗਲ ਵਿੱਚ ਉਲਝੇ ਵਾਲ ਕੁੜੇ।

ਮਨ ਪਰਦੇਸੀ / 100