ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨ ਦਾ ਚੈਨ ਗੁਆਚ ਨਾ ਜਾਵੇ, ਲਾ ਦੇਈਏ ਵਿਸ਼ਵਾਸ ਦਾ ਬੂਟਾ।
ਬਹੁਤ ਜ਼ਰੂਰੀ ਰੂਹ ਵਿੱਚ ਲਾਉਣਾ, ਖੇੜੇ ਵੰਡਦੀ ਆਸ ਦਾ ਬੂਟਾ।

ਮਨ ਪਰਦੇਸੀ ਘਰ ਨਹੀਂ ਮੁੜਿਆ, ਡਗਮਗ ਡਗਮਗ ਡੋਲ ਰਿਹਾ ਹੈ,
ਰੋਜ਼ ਦਿਹਾੜੀ ਫੈਲ ਰਿਹਾ ਹੈ, ਅਜਬ ਜਹੇ ਬਨਵਾਸ ਦਾ ਬੂਟਾ।

ਆਪਣੀ ਧਰਤ ਪਈ ਲੱਗਦੀ, ਨਜ਼ਰ ਜਿਵੇਂ ਪਥਰਾ ਚੱਲੀ ਹੈ,
ਕੰਕਰੀਟ ਦੇ ਜੰਗਲ ਅੰਦਰ ਇੱਕ ਵੀ ਨਹੀਂ ਧਰਵਾਸ ਦਾ ਬੂਟਾ।

ਚਾਤਰ ਚਤੁਰ ਕਰੇ ਚਤੁਰਾਈ, ਪਿਆਰ ਵਿਖਾਵੇ ਜਿਸਮ ਪਲੋਸੇ,
ਡੰਗਦਾ ਖੂਨ ਜਿਗਰ ਦਾ ਮੰਗਦਾ ਰੂਹ ਦੇ ਅੰਦਰ ਲਾਸ ਦਾ ਬੂਟਾ।

ਫ਼ਸਲਾਂ ਵਾਲੀ ਧਰਤੀ ਬੰਜਰ, ਉੱਜੜ ਚੱਲੇ ਸੁਪਨ ਬਗੀਚੇ,
ਬਿਰਖਾਂ ਨਾਲ ਲਮਕਦੇ ਅੱਥਰੂ, ਖਾ ਚੱਲਿਆ ਸਲਫ਼ਾਸ ਦਾ ਬੂਟਾ।

ਚਤੁਰ ਸ਼ੈਤਾਨ ਦੀ ਹਰਕਤ ਵੇਖੋ, ਕਰ ਲਿਆ ਹੈ ਵਿਗਿਆਨ ਪਾਲਤੂ,
ਗਮਲੇ ਅੰਦਰ ਲਾ ਦਿੱਤਾ ਹੈ, ਹੱਡੀਆਂ ਬਿਨ ਹੀ ਮਾਸ ਦਾ ਬੂਟਾ।

ਆਪੋ ਆਪਣੀ ਜ਼ਾਤ ਵਡੇਰੀ, ਅਮਰਵੇਲ ਜਦ ਫੈਲਰਦੀ ਹੈ,
ਏਸ ਤਰ੍ਹਾਂ ਹੀ ਸੁੱਕ ਜਾਂਦਾ ਹੈ, ਸਾਂਝਾਂ ਦੇ ਇਤਿਹਾਸ ਦਾ ਬੂਟਾ।

ਮਨ ਪਰਦੇਸੀ / 101