ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀ ਖੁਸ਼ਬੋਈਏ, ਜੀਣ ਜੋਗੀਏ, ਚਾਨਣ ਦੇ ਘਰ ਰਾਤ ਨਾ ਹੋਵੇ।
ਪਿਆਰ ਭਰੀ ਬਦਲੋਟੀ ਤੋਂ ਬਿਨ, ਰੂਹ ਉੱਤੇ ਬਰਸਾਤ ਨਾ ਹੋਵੇ।

ਮਿਲ ਜਾਇਆ ਕਰ ਏਸ ਤਰ੍ਹਾਂ ਹੀ, ਨੀ ਖਾਬਾਂ ਵਿੱਚ ਅੱਲ੍ਹੜ ਪਰੀਏ,
ਸੌ ਦੀ ਇੱਕ ਸੁਣਾਵਾਂ ਤੈਨੂੰ, ਬਿਨਾ ਹੁੰਗਾਰੇ ਬਾਤ ਨਾ ਹੋਵੇ।

ਦਿਲ ’ਰੇ ਵਿੱਚ ਡੁੱਬਿਆ ਰਹਿੰਦੈ, ਰਾਤਾਂ ਰਾਤਾਂ ਚਾਰ ਚੁਫੇਰੇ,
ਮਰ ਮੁੱਕ ਜਾਂਦੇ ਰੂਹ ਦੇ ਪੰਛੀ, ਜੇ ਸੂਰਜ ਦੀ ਝਾਤ ਨਾ ਹੋਵੇ।

ਅੱਖ ਵਿੱਚ ਅੱਥਰੂ ਰਹਿਣ ਸਲਾਮਤ, ਦਰਦ ਕਿਸੇ ਦਾ ਆਪਣਾ ਲੱਗੇ,
ਯਤਨ ਕਰਾਂਗਾ ਰਹਿੰਦੀ ਉਮਰਾ ਪੱਥਰ ਚਿੱਤ ਜਜ਼ਬਾਤ ਨਾ ਹੋਵੇ।

ਵੱਡੇ ਸਾਰੇ ਘਰ ਦੇ ਅੰਦਰ ਸਹਿਕਣ ਸ਼ਬਦ ਵਿਚਾਰੇ ਜਿੱਥੇ ,
ਕੰਕਰੀਟ ਦੀ ਕਬਰ ਕਹਾਂ ਜੇ, ਓਥੇ ਕਲਮ, ਦਵਾਤ ਨਾ ਹੋਵੇ।

ਹੱਥਾਂ ਦੀ ਛੋਹ ਬਿਨਾ ਰਸੋਈ, ਆਟਾ ਗੁੰਨ ਮਸ਼ੀਨ ਪਕਾਵੇ,
ਤਿੜਕ ਜਾਂਦੀਆਂ ਦਰ ਦੀਵਾਰਾਂ, ਜਿਸ ਘਰ ਤਵਾ ਰਾਤ ਨਾ ਹੋਵੇ।

ਤਨ ਤਪਦਾ ਤੰਦੂਰ ਨਿਰੰਤਰ, ਸੇਕ ਮਾਰਦੇ ਚਿਹਰੇ ਦੂਰੋਂ,
ਜਿਹੜੇ ਮਨ ਦੇ ਅੰਦਰ ਕੋਈ ਯਾਦਾਂ ਦੀ ਬਾਰਾਤ ਨਾ ਹੋਵੇ।

ਮਨ ਪਰਦੇਸੀ / 102