ਸਮੱਗਰੀ 'ਤੇ ਜਾਓ

ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਹਾਨ, ਰਣਧੀਰ ਸਿੰਘ ਚੰਦ, ਕੁਲਵੰਤ ਨੀਲੋਂ, ਸ.ਸ. ਮੀਸ਼ਾ, ਅਜਾਇਬ ਸਿੰਘ ਹੁੰਦਲ ਤੇ ਸੁਰਜੀਤ ਪਾਤਰ ਸਨ। 'ਦੁੱਖ ਦਰਿਆਉਂ ਪਾਰ ਦੇ' ਨਾਮ ਹੇਠ ਡਾ. ਅਤਰ ਸਿੰਘ ਤੇ ਡਾ. ਜਗਤਾਰ ਨੇ ਪਾਕਿਸਤਾਨੀ ਸ਼ਾਇਰੀ ਦਾ ਸੰਗ੍ਰਹਿ 1974-75 'ਚ ਛਾਪਿਆ ਤਾਂ ਇਸ ਵਿਚੋਂ ਸ਼ਰੀਫ਼ ਕੁੰਜਾਹੀ, ਜਫ਼ਰ ਇਕਬਾਲ, ਰਊਫ਼ ਸ਼ੇਖ, ਤਨਵੀਰ ਬੁਖ਼ਾਰੀ ਤੇ ਮੁਨੀਰ ਨਿਆਜ਼ੀ ਨੇ ਬੇਅੰਤ ਪ੍ਰਭਾਵਤ ਕੀਤਾ।

ਪੰਜਾਬੀ ਕਵਿਤਾ ਦੇ ਮੀਲ ਪੱਥਰ ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਡਾ. ਹਰਿਭਜਨ ਸਿੰਘ ਨੇ ਵੀ ਵਿਚ-ਵਿਚ ਕੁਝ ਮਹੱਤਵਪੂਰਨ ਗ਼ਜ਼ਲਾਂ ਲਿਖੀਆਂ। ਇਹ ਪ੍ਰਮੁੱਖ ਰੂਪ 'ਚ ਗਜ਼ਲਕਾਰ ਤਾਂ ਨਹੀਂ ਗਿਣੇ ਜਾਂਦੇ ਪਰ ਕੁਝ ਗ਼ਜ਼ਲਾਂ ਨੇ ਮੈਨੂੰ ਬੇਹੱਦ ਪ੍ਰਭਾਵਿਤ ਕੀਤਾ। ਈਸ਼ਵਰ ਚਿਤਰਕਾਰ, ਸ਼ਿਵ ਕੁਮਾਰ, ਪ੍ਰੋ. ਦੀਦਾਰ ਸਿੰਘ (ਕਰਤਾ ਕਿੱਸਾ ਸ਼ਹੀਦ ਭਗਤ ਸਿੰਘ) ਸੁਰਜੀਤ ਰਾਮਪੁਰੀ ਤੇ ਮੋਹਨਜੀਤ ਨੇ ਵੀ ਆਪਣੀ ਸਿਰਜਣਾ ਨਾਲ ਮੈਨੂੰ ਬਹੁਤ ਕੁਝ ਸਿਖਾਇਆ ਹੈ। ਸੰਤ ਰਾਮ ਉਦਾਸੀ, ਹਰਭਜਨ ਸਿੰਘ ਹੁੰਦਲ, ਦੇਵਿੰਦਰ ਜੋਸ਼, ਕਸ਼ਮੀਰ ਕਾਦਰ ਤੇ ਕਿੰਨੇ ਹੀ ਹੋਰ ਲੇਖਕ ਸਨ, ਜਿੰਨ੍ਹਾਂ ਦੀ ਰਚਨਾ ਮੇਰੇ ਸਾਹਾਂ-ਸਵਾਸਾਂ 'ਚ ਘੁਲ-ਮਿਲ ਗਈ।

ਤੁਹਾਡੇ 'ਤੇ ਕਿਹੜੇ ਸ਼ਾਇਰ ਦਾ ਵਧੇਰੇ ਪ੍ਰਭਾਵ ਪਿਆ?

-ਮੁੱਢਲੇ ਦੌਰ 'ਚ ਮੇਰੀ ਸਿਰਜਣਾ 'ਤੇ ਪ੍ਰਿੰਸੀਪਲ ਤਖ਼ਤ ਸਿੰਘ, ਸ.ਸ. ਮੀਸ਼ਾ, ਸੁਰਜੀਤ ਪਾਤਰ, ਕਸ਼ਮੀਰ ਕਾਦਰ, ਸੁਰਿੰਦਰ ਗਿੱਲ ਤੇ ਲੋਕ ਸਾਹਿਤ ਦੇ ਭਰਪੂਰ ਖ਼ਜ਼ਾਨੇ ਦਾ ਪ੍ਰਭਾਵ ਪਿਆ। ਸੂਫ਼ੀ ਕਵਿਤਾ 'ਚੋਂ ਬਾਬਾ ਬੁੱਲੇ ਸ਼ਾਹ, ਸ਼ਾਹ ਹੁਸੈਨ, ਗੁਲਾਮ ਫ਼ਰੀਦ, ਵਜੀਦ, ਮੀਆਂ ਮੁਹੰਮਦ ਬਖ਼ਸ਼ ਤੇ ਹਾਸ਼ਮ ਸ਼ਾਹ ਨੇ ਮੇਰੇ 'ਤੇ ਚੰਗਾ ਅਸਰ ਪਾਇਐ।

ਕਿੱਸਾ ਕਵਿਤਾ 'ਚੋਂ ਵਾਰਿਸ ਸ਼ਾਹ, ਕਾਦਰ ਯਾਰ, ਪੀਲੂ, ਭਾਈ ਭਗਵਾਨ ਸਿੰਘ, ਬਾਬੂ ਰਜਬ ਅਲੀ ਤੇ ਕਿਸ਼ਨ ਸਿੰਘ ਆਰਿਫ਼ ਦੀਆਂ ਲਿਖਤਾਂ ਸ਼ਬਦ ਭੰਡਾਰ ਵਧਾਉਣ 'ਚ ਸਹਾਈ ਹੋਈਆਂ। ਵਿਸ਼ਾਲ ਪਰਿਵਾਰ ਦੇ ਤਾਣੇ ਬਾਣੇ 'ਚੋਂ ਮਿਲੀਆਂ ਲੋਕ-ਸਿਆਣਪੀ ਟਿੱਪਣੀਆਂ ਤੇ ਵਿਸ਼ਲੇਸ਼ਣੀ ਪਹੁੰਚ ਨੇ ਸਿਰਜਣਾ ਦਾ ਰਾਹ ਸੁਖ਼ਾਲਾ ਕੀਤਾ।

ਤੁਹਾਡਾ ਪਹਿਲਾ ਗ਼ਜ਼ਲ ਸੰਗ੍ਰਹਿ ਕਦੋਂ ਛਪਿਆ, ਜਿਸ ਨਾਲ ਬਤੌਰ ਗ਼ਜ਼ਲਕਾਰ ਤੁਹਾਡੀ ਪਛਾਣ ਬਣੀ?

-ਮੇਰਾ ਪਹਿਲਾ ਗ਼ਜ਼ਲ ਸੰਗ੍ਰਹਿ 'ਹਰ ਧੁਖਦਾ ਪਿੰਡ ਮੇਰਾ ਹੈ' 1985 'ਚ ਛਪਿਆ। 1977 ਤੋਂ 1983 ਤੀਕ ਮੈਂ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ -(ਲੁਧਿਆਣਾ) ਵਿਚ ਲੈਕਚਰਾਰ ਸੀ। ਜਗਰਾਉਂ ਰਹਿਣ ਕਰਕੇ ਮੇਰੀਆਂ ਲਗਪਗ

ਮਨ ਪਰਦੇਸੀ / 11