ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਹਮੁਖੀ 'ਚ ਵੀ ਲਾਹੌਰ (ਪਾਕਿਸਤਾਨ) 'ਚ ਛਪ ਰਹੀ ਹੈ। ਤਿੰਨ ਗ਼ਜ਼ਲ ਸੰਗ੍ਰਹਿ 'ਦੋ ਹਰਫ਼ ਰਸੀਦੀ', 'ਮਨ ਦੇ ਬੂਹੇ ਬਾਰੀਆਂ' ਤੇ 'ਤਾਰਿਆਂ ਦੇ ਨਾਲ ਗੱਲਾਂ ਕਰਦਿਆਂ' ਗ਼ਜ਼ਲਾਂ ਦੇ ਸੰਪਾਦਿਤ ਸੰਗ੍ਰਹਿ ਹਨ।

ਤੁਹਾਡੇ ਮੁਤਾਬਿਕ ਪੰਜਾਬੀ ਗ਼ਜ਼ਲ ਦਾ ਭਵਿੱਖ ਕੀ ਹੈ?


-ਪੰਜਾਬੀ ਗ਼ਜ਼ਲ ਦਾ ਭਵਿੱਖ ਰੌਸ਼ਨ ਹੀ ਕਹਾਂਗਾ। ਆਜ਼ਾਦ ਨਜ਼ਮ ਲਿਖਣ ਵਾਲੇ ਬਹੁਤ ਲੇਖਕ ਹੁਣ ਗ਼ਜ਼ਲ ’ਤੇ ਵੀ ਹੱਥ ਅਜ਼ਮਾਉਂਦੇ ਨੇ। ਸ਼ਿਅਰ ਵਿਚ ਆਖੀ ਗੱਲ ਜ਼ਿੰਦਗੀ ਦੀ ਕਾਹਲੀ ਰਫ਼ਤਾਰ ਨੂੰ ਪੁੱਗਦੀ ਹੈ। ਨਿੱਕੇ-ਨਿੱਕੇ ਵਿਚਾਰ-ਮੋਤੀ ਕਹਿਕਸ਼ਾਂ ਬਣਨ ਦੇ ਸਮਰੱਥ ਹਨ। ਬਾਕੀ ਸਾਹਿਤ ਰੂਪਾਂ ਵਾਂਗ ਪੰਜਾਬੀ ਗ਼ਜ਼ਲ ਵੀ ਹੁਣ ਭਾਰਤੀ ਭਾਸ਼ਾਵਾਂ ਨਾਲ ਬਰਾਬਰ ਬਰ ਮੇਚਦੀ ਹੈ। ਕਵਿਤਾ ਦੇ ਵੱਖ-ਵੱਖ ਰੂਪਾਂ ਵਿਚੋਂ ਗ਼ਜ਼ਲ ਇਸ ਵੇਲੇ ਵੱਧ ਲਿਖੀ ਜਾ ਰਹੀ ਹੈ ਪਰ ਮੈਂ ਇਸਨੂੰ ਸ਼ੁਭ ਸ਼ਗਨ ਵਾਂਗ ਨਹੀਂ ਵੇਖਦਾ। ਹੋਰ ਭਾਸ਼ਾਵਾਂ ਦੇ ਵਿਚਾਰ-ਟੋਟਕੇ ਜੋੜਨਾ ਗਜ਼ਲਕਾਰੀ ਨਹੀਂ ਹੈ। ਪਰ ਤਸੱਲੀ ਵਾਲੀ ਗੱਲ ਇਹ ਹੈ ਕਿ ਮੌਲਿਕ ਪੰਜਾਬੀ ਗ਼ਜ਼ਲ ਦਾ ਮੁਹਾਂਦਰਾ ਵੀ ਨਿੱਖਰ ਰਿਹੈ। ਵਿਧੀ ਵਿਧਾਨ ਵੀ ਪੰਜਾਬੀ ਛੰਦ ਪ੍ਰਬੰਧ ਵਿਚ ਘੁਲ-ਮਿਲ ਰਿਹੈ। ਪੁਰਾਤਨ ਪੰਥੀਆਂ ਦੀ ਗਿਣਤੀ ਘਟਣਾ ਵੀ ਗ਼ਜ਼ਲ ਦੇ ਵਿਕਾਸ ਦੀ ਗਵਾਹੀ ਦਿੰਦਾ ਹੈ।

ਤੁਹਾਡੇ ਮੁਤਾਬਕ ਗਜ਼ਲ ਲਿਖਣ ਵੇਲੇ ਕਿਹੜੇ-ਕਿਹੜੇ ਰੂਪ ਜਾਂ ਵਿਚਾਰ ਪੱਖਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ।

-ਗ਼ਜ਼ਲ ਲਿਖਣ ਵੇਲੇ ਸ਼ਬਦ ਸੂਝ ਤੇ ਸਮਾਜਿਕ ਯਥਾਰਥ ਦੇ ਰਿਸ਼ਤੇ ਦਾ ਸੁਮੇਲ ਜ਼ਰੂਰੀ ਹੈ। ਬਹੁਤੀ ਵਾਰ ਅਸੀਂ ਸਿਧਾਂਤ ਪਰੋਸਣ ਦੇ ਲਾਲਚ ਵਿਚ ਗ਼ਜ਼ਲ ਦੀ ਸਹਿਜ ਸੁਭਾਵਕਤਾ ਗੁਆ ਬੈਠਦੇ ਹਾਂ। ਜੇਕਰ ਗਜ਼ਲ ਮਹਿਕਦੇ ਫੰਬੇ ਵਰਗੀ ਨਹੀਂ, ਦਿੱਤੇ ਕੋਮਲ ਸੁਨੇਹੇ ਵਰਗੀ ਨਹੀਂ ਤਾਂ ਸਿਰਜਕ ਦਾ ਫ਼ਿਕਰਮੰਦ ਹੋਣਾ ਬਣਦਾ ਹੈ।

ਸ਼ਬਦ ਆਪਣੀ ਸੰਪੂਰਨ ਬਾਤ ਪਾਵੇਗਾ ਤਾਂ ਹੀ ਗ਼ਜ਼ਲ ਵਿਚ ਕਮਾਲ ਵਿਕਸਤ ਹੋਵੇਗਾ। ਜੇਕਰ ਸ਼ਬਦ ਅੱਧਾ-ਅਧੂਰਾ ਸੁਨੇਹਾ ਦਿੰਦਾ ਹੈ ਤਾਂ ਉਸ ਕੱਚਘਰੜ ਕਲਮ ਨੂੰ ਕੋਈ ਪਾਠਕ ਪ੍ਰਵਾਨ ਨਹੀਂ ਕਰੇਗਾ।

ਆਪਣੇ ਸਮਾਂਕਾਲ ਦਾ ਯਥਾਰਥ ਜਾਣਨ ਲਈ ਤ੍ਰੈਕਾਲਦਰਸ਼ੀ ਅੱਖ ਦਾ ਵਿਕਸਤ ਹੋਣਾ ਜ਼ਰੂਰੀ ਹੈ, ਜਿਸ ਨੂੰ ਪ੍ਰਿੰਸੀਪਲ ਤਖ਼ਤ ਸਿੰਘ ਜੀ (Brain eye) ਨੇਤਰ ਨੀਝ ਤੋਂ ਕੁਝ ਵੱਧ ਆਖਦੇ ਸਨ।

ਸਾਨੂੰ ਸ਼ਬਦ ਜੜਨ ਲੱਗਿਆਂ ਬਦਲਵੇਂ ਅਨੰਤ ਦ੍ਰਿਸ਼ ਧਿਆਨ 'ਚ ਰੱਖਣੇ

ਮਨ ਪਰਦੇਸੀ / 14