ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿੱਥੇ ਤੂੰ ਨਹੀਂ ਓਸੇ ਥਾਂ ਹੀ ਨੇਰ੍ਹਾ ਹੈ।
ਜਿੱਥੇ ਤੂੰ ਹੈਂ, ਓਥੇ ਸੋਨ ਸਵੇਰਾ ਹੈ।

ਸੂਰਜ ਕਹਿ ਕਹਿ ਤੈਨੂੰ ਉਮਰ ਗੁਜ਼ਾਰ ਲਈ,
ਤੇਰਾ ਤਾਂ ਪਿਛਵਾੜਾ ਬਿਲਕੁਲ 'ਨੇਰ੍ਹਾ ਹੈ।

ਤੇਰੇ ਨਾਂ ਨੂੰ ਲਿਖਿਆ, ਕਟਿਆ, ਮੁੜ ਲਿਖਿਆ,
ਦੋਚਿੱਤੀ ਵਿਚ ਪਾਟਾ ਵਰਕਾ ਮੇਰਾ ਹੈ।

ਰੁੱਖ ਤੇ ਬੰਦੇ ਦੇਖੋ ਸਿਰਫ਼ ਦੁਪਹਿਰਾਂ ਨੂੰ,
ਸ਼ਾਮ ਸਵੇਰੇ ਸਭ ਦਾ ਕੱਦ ਲੰਮੇਰਾ ਹੈ।

ਪੱਥਰਾਂ ਦੀ ਬਰਸਾਤ ਨਿਰੰਤਰ ਵਰ੍ਹਦੀ ਰਹੀ,
ਤਿੜਕੇ ਸ਼ੀਸ਼ੇ ਵਾਲਾ ਚਿਹਰਾ ਮੇਰਾ ਹੈ।

ਮੈਂ ਕਾਗਜ਼ 'ਤੇ ਲੀਕਾਂ ਵਾਹੁੰਦਾ ਹਾਰ ਗਿਆਂ,
ਸੁਪਨੇ ਦਾ ਕੱਦ ਮੈਥੋਂ ਬਹੁਤ ਲੰਮੇਰਾ ਹੈ।

ਮੈਂ ਤੇਰੇ ਸਾਹਾਂ 'ਚੋਂ ਤੁਰ ਜਾਂ ਹੋਰ ਕਿਤੇ ,
ਮੇਰੇ ਅੰਦਰ ਏਨਾ ਕਿੱਥੇ ਜੇਰਾ ਹੈ।

ਮਨ ਪਰਦੇਸੀ / 23