ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਿੱਥੋਂ ਤੁਰ ਕੇ ਪਹੁੰਚੀ ਵੇਖੋ ਕਿੱਥੇ ਆਣ ਕਹਾਣੀ।
ਪੰਜ ਦਰਿਆਵਾਂ ਦੀ ਧਰਤੀ 'ਤੇ, ਅੱਜ ਮੁੱਲ ਵਿਕਦਾ ਪਾਣੀ।

ਪੰਜ ਸਦੀਆਂ ਦੇ ਪੈਂਡੇ ਮਗਰੋਂ ਕਿੱਥੇ ਪਹੁੰਚ ਗਏ ਆਂ,
ਸਿਰਫ਼ ਜਨੇਊ ਗਾ ਸਕਦੇ ਨੇ, ਗੁਰੂ ਨਾਨਕ ਦੀ ਬਾਣੀ।

ਇਹ ਜ਼ਿੰਦਗਾਨੀ ਸਫ਼ਰ ਨਿਰੰਤਰ ਤੁਰਿਆ ਜਾਹ, ਬਣ ਦਰਿਆ,
ਰੁਕਿਆ ਪਾਣੀ ਬਦਬੂ ਮਾਰੇ, ਸੌਂ ਨਾ ਲੰਮੀਆਂ ਤਾਈਂ।

ਇਸ ਨਗਰੀ ਵਿਚ ਉਮਰ ਗੁਆ ਕੇ ਲੱਭਦੇ ਫਿਰਦੇ ਸਾਰੇ,
ਇੱਕ ਦੂਜੇ ਤੋਂ ਚੋਰੀ ਚੋਰੀ, ਮੈਂ ਤੇ ਮੇਰੇ ਹਾਣੀ।

ਜ਼ਿੰਦਗੀ ਦੇ ਉਪਰਾਮ ਪਲਾਂ ਵਿਚ ਤੂੰ ਹੀ ਬਣੇ ਸਹਾਰਾ,
ਖੁਸ਼ਬੂ ਜਿੰਦ ਨਸ਼ਿਆ ਜਾਂਦੀ ਹੈ, ਵੜਕੇ ਸਾਹਾਂ ਥਾਣੀ।

ਤਨ ਦੇ ਨਾਲੋਂ ਤੋੜ ਵਿਛੋੜੀ ਜਾਬਰ ਸਮਿਆਂ ਵੇਖੋ,
ਇਕ ਦੂਜੇ ਨੂੰ ਘੂਰ ਰਹੇ ਨੇ , ਛਾਂ ਤੇ ਰੁੱਖ ਦੀ ਟਾਹਣੀ।

ਜ਼ਿੰਦਗੀ, ਧਰਮ, ਧਰਾਤਲ ਤਿੰਨੇ ਵਕਤ ਲਿਤਾੜੇ ਪੈਰੀਂ,
ਆਦਮ ਦੀ ਸੰਤਾਨ ਵੇਖ ਲਓ, ਹੋ ਗਈ ਆਦਮਖਾਣੀ।

ਧੜਕਣ ਤੇਜ਼, ਤੜਪਣੀ ਤਨ ਦੀ, ਮਨ ਨੂੰ ਭਟਕਣ ਲਾਵੇ,
ਮਹਿਕ ਪਰੁੱਚੇ ਫੁੱਲਾਂ ਦੀ ਰੁੱਤ, ਲੰਘ ਚੱਲੀ ਅਣਮਾਣੀ।

ਮਨ ਪਰਦੇਸੀ / 25